ਫ਼ਾਜ਼ਿਲਕਾ, 2 ਜਨਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਘਰ ਦੇ ਨੇੜੇ ਹੀ ਮੁਫ਼ਤ, ਗੁਣਵੱਤਾ ਪੂਰਨ ਤੇ ਵਿਸਤਰਿਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕ ਫ਼ਾਜ਼ਿਲਕਾ ਜ਼ਿਲ੍ਹੇ 'ਚ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋ ਰਹੇ ਹਨ | ਇਨ੍ਹਾਂ ਕਲੀਨਿਕਾਂ ਰਾਹੀਂ ਹਰ ਰੋਜ਼ ਸੈਂਕੜੇ ਮਰੀਜ਼ ਲਾਭ ਪ੍ਰਾਪਤ ਕਰ ਰਹੇ ਹਨ | ਸਾਲ 2025 ਵਿਖੇ 756764 ਓ. ਪੀ. ਡੀ. ਕੀਤੀ ਗਈ, ਜਿਨ੍ਹਾਂ 'ਚ 2 ਲੱਖ 66 ਹਜ਼ਾਰ 662 ਟੈੱਸਟ ਕੀਤੇ ਗਏ | ਡਾ. ਕਵਿਤਾ ਸਿੰਘ ਸਿਵਲ ਸਰਜਨ ਫ਼ਾਜ਼ਿਲਕਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਏ ਦੱਸੀਆਂ ਕਿ ਆਮ ਆਦਮੀ ਕਲੀਨਿਕਾਂ 'ਚ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਲਾਹ ਨਾਲ ਸੰਬੰਧਿਤ ਆਮ ਬਿਮਾਰੀਆਂ ਦਾ ਇਲਾਜ ਤੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਨਾਲ ਹੀ ਮੁਫ਼ਤ ਲੈਬ ਟੈੱਸਟਾਂ ਦੀ ਸਹੂਲਤ ਵੀ ਉਪਲਬਧ ਹੈ, ਜਿਸ ਨਾਲ ਲੋਕਾਂ ਨੂੰ ਮਹਿੰਗੀਆਂ ਪ੍ਰਾਈਵੇਟ ਲੈਬਾਰਟਰੀਆਂ 'ਚ ਜਾਣ ਦੀ ਲੋੜ ਨਹੀਂ ਰਹੀ | ਮਾਤਾ 'ਤੇ ਸ਼ਿਸ਼ੂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਹੁਣ ਫ਼ਾਜ਼ਿਲਕਾ ਜ਼ਿਲ੍ਹੇ ਦੇ ਇੰਪੈਨਲਡ ਹਸਪਤਾਲਾਂ 'ਚ ਅਲਟਰਾਸਾਊਾਡ ਜਾਂਚ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ | ਇਸ ਸਹੂਲਤ ਦੇ ਨਾਲ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਜਾਂਚ ਸੰਭਵ ਹੋ ਰਹੀ ਹੈ ਤੇ ਉਨ੍ਹਾਂ ਨੂੰ ਦੂਰ ਦਰਾਜ਼ ਜਾਂ ਮਹਿੰਗੇ ਪ੍ਰਾਈਵੇਟ ਹਸਪਤਾਲਾਂ 'ਚ ਜਾਣ ਤੋਂ ਰਾਹਤ ਮਿਲੀ ਹੈ | ਸਰਕਾਰ ਵਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਸੁਰੱਖਿਅਤ ਅਤੇ ਪਾਰਦਰਸ਼ੀ ਢੰਗ ਨਾਲ ਅਲਟਰਾਸਾਊਾਡ ਜਾਂਚ ਕੀਤੀ ਜਾ ਰਹੀ ਹੈ | ਇਹ ਸੁਵਿਧਾ ਲੋਕਾਂ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਰਹੀ ਹੈ | ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮਾਤਿ੍ਤਵ ਸੁਰੱਖਿਆ ਅਭਿਆਨ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ 'ਚ ਹਰ ਮਹੀਨੇ ਦੀ 9 ਤੇ 23 ਤਰੀਕ ਨੂੰ ਵਿਸ਼ੇਸ਼ ਸਿਹਤ ਕੈਂਪ ਨਿਯਮਿਤ ਤੌਰ 'ਤੇ ਲਗਾਏ ਜਾ ਰਹੇ ਹਨ | ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ 'ਚ ਸ਼ੁਰੂ ਕੀਤੀਆਂ ਗਈਆਂ ਸਿਹਤ ਸਹੂਲਤਾਂ ਨਾਲ ਲੋਕਾਂ ਨੂੰ ਘਰ ਦੇ ਨੇੜੇ ਹੀ ਬਿਹਤਰ ਇਲਾਜ ਮਿਲ ਰਿਹਾ ਹੈ |