ਅਬੋਹਰ, 23 ਜਨਵਰੀ (ਵਿਵੇਕ ਹੂੜੀਆ)-ਅਬੋਹਰ ਸ਼ਹਿਰ 'ਚ ਬਸੰਤ ਪੰਚਮੀ ਵਾਲੇ ਦਿਨ ਚਾਈਨਾ ਡੋਰ ਦੀ ਵਰਤੋਂ ਕਾਰਨ ਇਕ ਹੋਰ ਖ਼ੌਫ਼ਨਾਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੰਜਪੀਰ ਨਗਰ ਦੇ ਰਹਿਣ ਵਾਲੇ 27 ਸਾਲਾ ਭੁਪਿੰਦਰ ਪੁੱਤਰ ਮਦਨ ਲਾਲ ਦੇ ਗਲੇ 'ਚ ਚਾਈਨਾ ਡੋਰ ਫਸਣ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਡੋਰ ਇੰਨੀ ਤੇਜ਼ ਸੀ ਕਿ ਭੁਪਿੰਦਰ ਦੇ ਗਲੇ 'ਤੇ ਡੂੰਘਾ ਕੱਟ ਲੱਗ ਗਿਆ, ਜਿਸ ਕਾਰਨ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ | ਡਾਕਟਰਾਂ ਵਲੋਂ ਉਸ ਦੇ ਗਲੇ 'ਤੇ 15 ਟਾਂਕੇ ਲਗਾਏ ਗਏ ਹਨ ਅਤੇ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅਗਲੇ ਇਲਾਜ ਲਈ ਰੈਫ਼ਰ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਭੁਪਿੰਦਰ ਆਪਣੇ ਪਿਤਾ ਮਦਨ ਲਾਲ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਅਬੋਹਰ ਬੱਸ ਅੱਡੇ ਤੋਂ ਘਰ ਲੈ ਕੇ ਆ ਰਿਹਾ ਸੀ | ਜਦੋਂ ਉਹ ਧਰਮ ਨਗਰੀ ਗਲੀ ਨੰਬਰ 7 ਦੇ ਕੋਲ ਪਹੁੰਚਿਆ ਤਾਂ ਅਚਾਨਕ ਸੜਕ 'ਤੇ ਲਟਕ ਰਹੀ ਚਾਈਨਾ ਡੋਰ ਉਸ ਦੇ ਗਲੇ 'ਚ ਫਸ ਗਈ | ਤੇਜ਼ਧਾਰ ਡੋਰ ਨਾਲ ਉਸ ਦਾ ਗਲ਼ਾ ਵੱਢਿਆ ਗਿਆ ਤੇ ਉਹ ਲਹੂ-ਲੁਹਾਨ ਹੋ ਕੇ ਸੜਕ 'ਤੇ ਡਿਗ ਪਿਆ | ਜ਼ਖ਼ਮੀ ਹਾਲਤ 'ਚ ਤੜਫ਼ ਰਹੇ ਭੁਪਿੰਦਰ ਨੂੰ ਉਸ ਦੇ ਪਿਤਾ ਨੇ ਨੇੜਲੇ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ | ਇਸ ਘਟਨਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਲੋਂ ਚਾਈਨਾ ਡੋਰ 'ਤੇ ਪਾਬੰਦੀ ਲਗਾਉਣ ਦੇ ਕੀਤੇ ਗਏ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਬਸੰਤ ਪੰਚਮੀ ਮੌਕੇ ਸ਼ਹਿਰ ਵਿਚ ਸ਼ਰੇਆਮ ਚਾਈਨਾ ਡੋਰ ਦੀ ਵਰਤੋਂ ਕੀਤੀ ਗਈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਸਿਰਫ਼ ਕਾਗ਼ਜ਼ੀ ਕਾਰਵਾਈ ਤੱਕ ਸੀਮਤ ਹੈ ਤੇ ਅਜੇ ਤੱਕ ਕੋਈ ਵੀ ਵੱਡੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ | ਲੋਕਾਂ ਨੇ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਤੇ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ 'ਚ ਕਿਸੇ ਹੋਰ ਦੀ ਜਾਨ ਖ਼ਤਰੇ ਵਿਚ ਨਾ ਪਵੇ | ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਜਾਂ ਗਲੀ-ਮੁਹੱਲਿਆਂ ਵਿਚ ਜੋ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਫੜਿਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |