ਮਮਦੋਟ, 23 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਸਰਕਾਰ ਵਲੋਂ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ 'ਤੇ ਲਗਾਈ ਗਈ ਪਾਬੰਦੀ 'ਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਕਾਰਵਾਈ ਦੀ ਚਿਤਾਵਨੀ ਦੇ ਬਾਵਜੂਦ ਦੁਕਾਨਦਾਰ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਹਨ ਅਤੇ ਪਤੰਗਬਾਜ਼ ਸ਼ਰੇਆਮ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਹੋਏ ਮਨੁੱਖੀ ਤੇ ਪਸ਼ੂ ਪੰਛੀਆਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ | ਇਸ ਸਾਰੇ ਵਰਤਾਰੇ ਨੂੰ ਵੇਖ ਕੇ ਮਹਿਸੂਸ ਹੰੁਦਾ ਹੈ ਕਿ ਦੁਕਾਨਦਾਰਾਂ ਦੇ ਲਾਲਚ ਅਤੇ ਪਤੰਗਬਾਜਾਂ ਦੇ ਸ਼ੌਕ ਅੱਗੇ ਮਨੁੱਖ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਰਹੀ | ਇਸ ਘਾਤਕ ਚਾਈਨਾ ਡੋਰ ਨਾਲ ਅੱਜ ਮਮਦੋਟ ਦੇ ਨੇੜਲੇ ਪਿੰਡ ਹਜ਼ਾਰਾ ਸਿੰਘ ਵਾਲਾ ਤੋਂ ਬਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਦੇ ਚਾਈਨਾ ਡੋਰ ਨਾਲ ਕਾਫ਼ੀ ਲੰਮਾ ਕੱਟ ਲੱਗ ਗਿਆ | ਇਸ ਤਰ੍ਹਾਂ ਹੀ ਦੂਜੀ ਘਟਨਾ ਫ਼ਿਰੋਜ਼ਪੁਰ ਤੋਂ ਦਵਾਈ ਲੈ ਕੇ ਪਰਤ ਰਹੇ ਨੌਜਵਾਨਾਂ ਨਾਲ ਵਾਪਰੀ ਮਮਦੋਟ ਦੇ ਨੇੜਲੇ ਪਿੰਡ ਲਖਮੀਰ ਕੇ ਉਤਾੜ (ਭੱਟੀਆਂ) ਤੋਂ ਦਵਿੰਦਰ ਸਿੰਘ ਪ੍ਰਭ ਪੁੱਤਰ ਲੱਖਾ ਸਿੰਘ ਆਪਣੇ ਸਾਥੀ ਜਸਵਿੰਦਰ ਸਿੰਘ ਜੱਸਾ ਨਾਲ ਮੋਟਰਸਾਈਕਲ 'ਤੇ ਆ ਰਹੇ ਸਨ ਕਿ ਪਿੰਡ ਖਾਈ ਫੇਮੇ ਕੇ ਵਿਖੇ ਅਚਾਨਕ ਮੋਟਰਸਾਈਕਲ ਚਾਲਕ ਦੇ ਗਲੇ 'ਚ ਚਾਈਨਾ ਡੋਰ ਪੈ ਗਈ, ਜਿਸ ਦਾ ਪਤਾ ਚੱਲਣ 'ਤੇ ਪਿੱਛੇ ਬੈਠੇ ਸਾਥੀ ਨੇ ਤੁਰੰਤ ਮੁਸਤੈਦੀ ਵਿਖਾਉਂਦਿਆਂ ਡੋਰ ਨੂੰ ਉੱਪਰ ਚੁੱਕ ਦਿੱਤਾ, ਫਿਰ ਵੀ ਮੋਟਰਸਾਈਕਲ ਚਾਲਕ ਦੇ ਗਲੇ 'ਤੇ ਦੋ ਜਗ੍ਹਾ 'ਤੇ ਜ਼ਖ਼ਮ ਹੋ ਗਏ ਅਤੇ ਪਿੱਛੇ ਬੈਠੇ ਸਾਥੀ ਦੀਆਂ ਉਗਲਾਂ 'ਤੇ ਵੀ ਡੋਰ ਨੂੰ ਹਟਾਉਂਦੇ ਸਮੇਂ ਜ਼ਖ਼ਮੀ ਹੋ ਗਈਆਂ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਾਈਨਾ ਡੋਰ ਖ਼ਿਲਾਫ਼ ਚਿਤਾਵਨੀ ਜਾਰੀ ਕੀਤੇ ਜਾਣ ਦੇ ਬਾਵਜੂਦ ਬਸੰਤ ਪੰਚਮੀ ਦੇ ਇਨ੍ਹਾਂ ਦਿਨਾਂ ਦੌਰਾਨ ਧੜੱਲੇ ਨਾਲ ਚਾਈਨਾ ਡੋਰ ਵਿੱਕਰੀ ਤੇ ਵਰਤੋ ਹੋਈ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਪ੍ਰਸ਼ਾਸਨ ਚਾਈਨਾ ਡੋਰ ਨੂੰ ਠੱਲ੍ਹ ਪਾਉਣ ਵਿਚ ਨਾਕਾਮ ਸਾਬਤ ਹੋਇਆ | ਆਮ ਲੋਕਾਂ ਨੇ ਚਾਈਨਾ ਡੋਰ ਦੀ ਵਿੱਕਰੀ ਤੇ ਵਰਤੋ ਖ਼ਿਲਾਫ਼ ਸਖ਼ਤ ਕਾਨੂੰਨ ਬਣਾ ਕੇ ਪੂਰਨ ਪਾਬੰਦੀ ਦੀ ਮੰਗ ਕੀਤੀ ਹੈ |