ਫ਼ਾਜ਼ਿਲਕਾ, 30 ਜਨਵਰੀ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪੁਰਜ਼ੋਰ ਲਾਗੂ ਕਰਨ ਤੇ ਯੋਗ ਲਾਭਪਾਤਰੀਆਂ ਤੱਕ ਇਸ ਦਾ ਲਾਭ ਪੁੱਜਦਾ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਲੋਕਾਂ ਨੂੰ ਸਕੀਮਾਂ ਤੋਂ ਵਾਂਝੇ ਨਾ ਰਹਿਣ ਦਿੱਤਾ ਜਾਵੇ | ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਸਮੀਖਿਆ ਕੀਤੀ | ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੋ ਲੜਾਈ ਸ਼ੁਰੂ ਕੀਤੀ ਗਈ ਹੈ ਉਸ ਨੂੰ ਜਨ ਭਾਗੀਦਾਰੀ ਦੇ ਸਹਿਯੋਗ ਸਦਕਾ ਜੰਗੀ ਪੱਧਰ 'ਤੇ ਜਾਰੀ ਰੱਖਿਆ ਜਾਵੇ ਤਾਂ ਜੋ ਨਸ਼ਿਆਂ ਦਾ ਪੂਰੀ ਤਰ੍ਹਾਂ ਖ਼ਾਤਮਾ ਹੋ ਸਕੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਨੂੰ ਸੁਖਾਵੇਂ ਮਾਹੌਲ ਵਿਚ ਬਿਨਾ ਕਿਸੇ ਖੱਜਲ-ਖ਼ੁਆਰੀ ਦੇ ਲਾਹਾ ਮੁਹੱਈਆ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਲੋਕ ਹਿਤ ਲਈ ਚਲਾਈਆਂ ਗਈਆਂ ਸਕੀਮਾਂ ਨੂੰ ਮੁਹੱਈਆ ਕਰਵਾਉਣ 'ਚ ਕੋਈ ਅਣਗਹਿਲੀ ਨਾ ਵਰਤੀ ਜਾਵੇ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿ) ਸੁਭਾਸ਼ ਚੰਦਰ, ਐੱਸ. ਪੀ. ਗੁਰਮੀਤ ਸਿੰਘ, ਐੱਸ. ਡੀ. ਐਮ. ਕਿ੍ਸ਼ਨਾ ਪਾਲ ਰਾਜਪੂਤ, ਐੱਸ. ਡੀ. ਐਮ. ਕੰਵਰਜੀਤ ਸਿੰਘ ਮਾਨ, ਐੱਸ. ਡੀ. ਐਮ. ਮੈਡਮ ਵੀਰਪਾਲ ਕੌਰ, ਚੇਅਰਮੈਨ ਉਪਕਾਰ ਜਾਖੜ, ਸੀ. ਐੱਸ. ਸੀ. ਤੋਂ ਮੈਡਮ ਸ਼ਿਖਾ, ਸੂਰਜ ਸੇਤੀਆ, ਸਮੂਹ ਬੀ. ਡੀ. ਪੀ. ਓਜ਼, ਸਮੂਹ ਹਲਕਾ ਕੁਆਰਡੀਨੇਟਰ ਆਦਿ ਮੌਜੂਦ ਸਨ |