ਅਬੋਹਰ, 3 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਰੇਲਵੇ ਫਾਟਕ ਨੇੜੇ ਸੀਤੋ ਰੋਡ ਦੀ ਹੋਈ ਬੇਹੱਦ ਮਾੜੀ ਹਾਲਤ ਨੂੰ ਸੁਧਾਰਨ ਲਈ ਸੀਤੋ ਰੋਡ ਸੰਘਰਸ਼ ਕਮੇਟੀ ਦਾ ਗਠਨ ਕੀਤਾ | ਜਿਸ ਤਹਿਤ ਬੀਤੇ ਦਿਨੀਂ ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਉਕਤ ਸਮੱਸਿਆ ਬਾਬਤ ਉਪ ਮੰਡਲ ਮੈਜਿਸਟੇ੍ਰਟ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ | ਜਿਸ ਤਹਿਤ ਪਰਵਿੰਦਰ ਪਾਲ ਸਿੰਘ ਰਾਜਾ ਦੀ ਅਗਵਾਈ ਹੇਠ ਸੀਤੋ ਰੋਡ ਨਾਲ ਲੱਗਦੇ ਮੁਹੱਲਿਆਂ ਦੇ ਏਕਤਾ ਕਾਲੋਨੀ, ਗੁਰਦਿਆਲ ਨਗਰ, ਮਾਡਲ ਟਾਊਨ, ਸੁੰਦਰ ਨਗਰੀ ਆਦਿ ਦੇ ਵਸਨੀਕਾਂ ਤੋਂ ਇਲਾਵਾ ਵਾਰਡ ਕੌਂਸਲਰ ਭੀਸ਼ਮ ਧੂੜੀਆ ਅਤੇ ਵਿਕੀ ਸ਼ਰਮਾ ਆਦਿ ਨੇ ਅਬੋਹਰ ਦੇ ਉਪ ਮੰਡਲ ਮੈਜਿਸਟਰੇਟ ਕਿ੍ਸ਼ਨਾ ਪਾਲ ਰਾਜਪੂਤ ਨੂੰ ਮੰਗ ਪੱਤਰ ਸੌਂਪਿਆਂ | ਜਿਸ ਤਹਿਤ ਉਪ ਮੰਡਲ ਮੈਜਿਸਟਰੇਟ ਨੇ 2 ਹਫ਼ਤਿਆਂ 'ਚ ਸੜਕ ਦਾ ਨਿਰਮਾਣ ਕਰਵਾਉਣ ਦਾ ਭਰੋਸਾ ਦਿੱਤਾ | ਇਸ ਸੰਬੰਧੀ ਰਾਜਾ ਗਰੋਵਰ ਨੇ ਦੱਸਿਆ ਕਿ ਉਕਤ ਮਾਰਗ 'ਤੇ ਸ਼ਹਿਰ ਦੇ ਕਈ ਨਾਮਵਰ ਸਕੂਲ ਤੇ ਸਰਕਾਰੀ ਕਾਲਜ ਸਥਾਪਿਤ ਹਨ, ਜਿਸ ਕਾਰਨ ਰਾਹਗੀਰਾਂ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਉਕਤ ਸੜਕ ਦਾ ਨਵ-ਨਿਰਮਾਣ ਹਾਲੇ ਕੁਝ ਸਮਾਂ ਪਹਿਲਾਂ ਹੀ ਕਰਵਾਇਆ ਗਿਆ ਸੀ ਪਰ ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਸੀਵਰੇਜ ਦੇ ਗੰਦੇ ਪਾਣੀ ਕਰਕੇ ਰੇਲਵੇ ਫਾਟਕ ਨੇੜੇ ਸੀਤੋ ਰੋਡ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ, ਜਿਸ ਨੂੰ ਸੁਧਾਰਨ ਲਈ ਸੀਤੋ ਰੋਡ ਸੰਘਰਸ਼ ਕਮੇਟੀ ਦਾ ਗਠਨ ਕੀਤਾ | ਉਨ੍ਹਾਂ ਦੱਸਿਆ ਕਿ ਇਸ ਮਾਰਗ 'ਤੇ ਸਕੂਲ-ਕਾਲਜਾਂ ਤੋਂ ਇਲਾਵਾ ਤਹਿਸੀਲ ਕੰਪਲੈਕਸ, ਸਰਕਾਰੀ ਪਸ਼ੂ ਹਸਪਤਾਲ, ਪਟਵਾਰਖ਼ਾਨਾ, ਹਸਪਤਾਲ, ਬੀ. ਡੀ. ਪੀ. ਓ. ਦਫ਼ਤਰ ਤੇ ਹੋਰ ਕਈ ਜ਼ਰੂਰੀ ਦਫ਼ਤਰ ਸਥਾਪਿਤ ਹਨ, ਜਿਸ ਕਾਰਨ ਰਾਹਗੀਰਾਂ ਸਣੇ ਮੁਹੱਲਾ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਏ ਦਿਨ ਸੜਕ ਦੀ ਮਾੜੀ ਹਾਲਤ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਵਲੋਂ ਉਨ੍ਹਾਂ ਨੂੰ 2 ਹਫ਼ਤਿਆਂ 'ਚ ਸੜਕ ਦਾ ਮੁੜ ਨਿਰਮਾਣ ਕਰਵਾਉਣ ਦਾ ਭਰੋਸਾ ਦਿੱਤਾ ਹੈ ਪਰ ਫਿਰ ਵੀ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਮੁਹੱਲਾ ਵਾਸੀਆਂ ਦੇ ਨਾਲ ਮਜਬੂਰਨ ਹਾਈਵੇ ਜਾਮ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ | ਉਪਰੰਤ ਸੰਘਰਸ਼ ਕਮੇਟੀ ਵਲੋਂ ਨਗਰ ਨਿਗਮ ਚੋਣਾਂ ਦੇ ਬਾਈਕਾਟ ਕਰਨ ਸੰਬੰਧੀ ਵੀ ਫ਼ੈਸਲਾ ਲਿਆ ਜਾ ਸਕਦਾ ਹੈ | ਇਸ ਮੌਕੇ ਸਾਬਕਾ ਕੌਂਸਲਰ ਕੁਲਵੰਤ ਸਿੰਘ ਗਿੱਲ, ਕੌਰ ਸਿੰਘ ਬਰਾੜ, ਰੱਤੀ ਰਾਮ, ਸੰਨ੍ਹੀ ਸਿੰਘ, ਜਸਪ੍ਰੀਤ ਸਿੰਘ, ਐਡਵੋਕੇਟ ਕੰਵਲਜੀਤ ਸਿੰਘ ਸਿੱਧੂ, ਮੋਹਨ ਲਾਲ ਕਾਨੂੰਗੋ, ਭੂਪਰਾਮ, ਸਤਪਾਲ, ਉਦੇਪਾਲ ਸਿੰਘ, ਚਰਨਜੀਤ ਸਿੰਘ, ਭੁਪਿੰਦਰ ਸਿੰਘ, ਗੁਰਮੇਲ ਸਿੰਘ, ਐਡਵੋਕੇਟ ਬਲਰਾਜ ਸਿੰਘ ਢਿੱਲੋਂ, ਇਕਬਾਲ ਗਾਬਾ, ਸੁਰਿੰਦਰ ਸਿੰਘ, ਤੁਲਸੀ ਰਾਮ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ |