ਅਬੋਹਰ, 21 ਫਰਵਰੀ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਅਬੋਹਰ ਵਲੋਂ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਇਕ ਹੋਰ ਲੋੜਵੰਦ ਪਰਿਵਾਰ ਦੀ ਬੇਟੀ ਦੇ ਵਿਆਹ 'ਚ ਸਹਾਇਤਾ ਪ੍ਰਦਾਨ ਕੀਤੀ ਗਈ ਹੈ | ਮੰਚ ਵਲੋਂ ਹੁਣ ਤੱਕ ਕੁੱਲ 148 ਲੜਕੀਆਂ ਦੇ ਵਿਆਹਾਂ 'ਚ ਸਹਿਯੋਗ ਦਿੱਤਾ ਜਾ ਚੁੱਕਾ ਹੈ | ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਇਕ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਨੇ ਬੇਟੀ ਦੇ ਵਿਆਹ ਲਈ ਮੰਚ ਨਾਲ ਸੰਪਰਕ ਕੀਤਾ ਸੀ | ਜਾਂਚ-ਪੜਤਾਲ ਤੋਂ ਬਾਅਦ ਪਿੰਡ ਦਾਨੇਵਾਲਾ ਦੇ ਨਿਵਾਸੀ ਤੇ ਇਸ ਸਮੇਂ ਫ਼ਰੀਦਕੋਟ ਵਿਖੇ ਤਾਇਨਾਤ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਵਿਆਹ ਦਾ ਸਾਰਾ ਜ਼ਰੂਰੀ ਰਾਸ਼ਨ ਮੁਹੱਈਆ ਕਰਵਾਇਆ | ਇਸ ਨੇਕ ਕਾਰਜ ਲਈ ਮੰਚ ਨੇ ਇੰਸਪੈਕਟਰ ਗੁਰਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਡੀ. ਐੱਸ. ਪੀ. ਕੋਟਕਪੂਰਾ ਸੰਜੀਵ ਕੁਮਾਰ, ਇੰਸਪੈਕਟਰ ਗੁਰਵਿੰਦਰ ਸਿੰਘ ਤੇ ਗਗਨ ਚੁੱਘ ਨੇ ਸ਼ਮੂਲੀਅਤ ਕੀਤੀ ਅਤੇ ਲੜਕੀ ਦੇ ਪਰਿਵਾਰ ਨੂੰ ਰਾਸ਼ਨ ਸੌਂਪਦਿਆਂ ਨਵ-ਵਿਆਹੇ ਜੋੜੇ ਦੇ ਖ਼ੁਸ਼ਹਾਲ ਜੀਵਨ ਲਈ ਕਾਮਨਾ ਕੀਤੀ | ਗਗਨ ਚੁੱਘ ਨੇ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਹੀ ਮੰਚ ਲਗਾਤਾਰ ਅਜਿਹੇ ਸੇਵਾ ਕਾਰਜ ਕਰਨ ਵਿਚ ਸਫਲ ਹੋ ਰਿਹਾ ਹੈ | ਉਨ੍ਹਾਂ ਨੇ ਸਾਰੇ ਸਹਿਯੋਗੀਆਂ ਦਾ ਤਹਿ ਦਿਲੋਂ ਆਭਾਰ ਪ੍ਰਗਟਾਇਆ |