ਅਬੋਹਰ, 6 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕਈ ਸਿਆਸੀ ਪਾਰਟੀਆਂ ਹੇਠਲੇ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜੁੱਟ ਗਈਆਂ ਹਨ ਅਤੇ ਲਗਾਤਾਰ ਕਈ ਪਾਰਟੀਆਂ ਦੇ ਵਰਕਰ ਹੋਰ ਰਾਜਸੀ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ | ਇਸ ਲੜੀ ਤਹਿਤ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਚੰਨਣ ਖੇੜਾ ਦੇ ਅਕਾਲੀ ਆਗੂ ਲੇਖ ਰਾਜ ਦੇ ਨਿਵਾਸ ਵਿਖੇ ਪਿੰਡ ਦੇ ਇਕ ਦਰਜਨ ਤੋਂ ਵੱਧ ਵੱਖ-ਵੱਖ ਪਾਰਟੀਆਂ ਨਾਲ ਜੁੜੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਜਿਨ੍ਹਾਂ ਦਾ ਸਵਾਗਤ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਗੁਰਤੇਜ ਸਿੰਘ ਘੁੜਿਆਣਾ ਨੇ ਸਿਰੋਪਾਓ ਪਾ ਕੇ ਕੀਤਾ | ਇਸ ਦੌਰਾਨ ਗੁਰਤੇਜ ਸਿੰਘ ਘੁੜਿਆਣਾ ਨੇ ਕਿਹਾ ਕਿ ਪੰਜਾਬ ਦੀ ਇਕੋ ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਹੈ ਜਦ ਕਿ ਦੂਜੀਆਂ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਨੂੰ ਪੰਜਾਬ ਦੇ ਲੋਕ ਅਜ਼ਮਾ ਕੇ ਦੇਖ ਚੁੱਕੇ ਹਨ ਅਤੇ ਹੁਣ ਫਿਰ ਤੋਂ ਪੰਜਾਬ ਦੀ ਨੌਜਵਾਨੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਲਗਾਤਾਰ ਜੁੜ ਰਹੀ ਹੈ | ਜਿਸ ਨਾਲ ਸਾਫ਼ ਜ਼ਾਹਿਰ ਹੁੰਦਾ ਹੈ ਕਿ 2027 ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਚੰਗਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਵਿਚ ਆਪਣੀ ਸਰਕਾਰ ਬਣਾਏਗਾ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਨੌਜਵਾਨਾਂ ਨੂੰ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਹਰ ਵਰਕਰ ਨੂੰ ਪਾਰਟੀ ਵਲ਼ੋਂ ਬਣਦਾ ਮਾਨ ਸਨਮਾਨ ਵੀ ਦਿੱਤਾ ਜਾਵੇਗਾ | ਇਸ ਦੌਰਾਨ ਸੀਤਾ ਰਾਮ, ਸੰਦੀਪ ਕੁਮਾਰ ਅਤੇ ਨਵਦੀਪ ਸਿੰਘ ਨੇ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਹਰੀਸ਼ ਨੰਬਰਦਾਰ, ਗੁਰਮੀਤ ਸਿੰਘ ਬਿੱਟੂ, ਜਤਿੰਦਰ ਪਾਲ ਸਿੰਘ ਰੋਮੀ, ਜਗਦੀਸ਼ ਚੰਦਰ, ਪਿਆਰੇ ਲਾਲ ਮੈਂਬਰ, ਹਜ਼ਾਰਾ ਰਾਮ ਆਦਿ ਲੀਡਰਸ਼ਿਪ ਤੋਂ ਇਲਾਵਾ ਸੰਦੀਪ ਕੁਮਾਰ, ਰਮੇਸ਼ ਲਾਲ, ਬਲਰਾਜ ਸਿੰਘ, ਮੋਹਿਤ ਕੰਬੋਜ, ਜਗਦੀਸ਼ ਕੰਬੋਜ, ਅਮਰਜੀਤ ਮੈਂਬਰ, ਜਗਦੇਵ ਸਿੰਘ, ਗੁਰਦੀਪ ਸਿੰਘ, ਅਰਸ਼, ਗੌਰਵ, ਮਨਕੀਰਤ, ਸੰਦੀਪ, ਲਵਪ੍ਰੀਤ, ਕਰਨ ਕੰਬੋਜ ਆਦਿ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ |