ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ 'ਚ 4 ਖ਼ਿਲਾਫ਼ ਮਾਮਲਾ ਦਰਜ
ਅਜੀਤ ਡੈਸਕ
10-03-2026
ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਦੋ ਵਿਅਕਤੀ ਕਾਬੂ
ਅਬੋਹਰ, 9 ਮਾਰਚ (ਸੁਖਜੀਤ ਸਿੰਘ ਬਰਾੜ)-ਥਾਣਾ ਖੂਈਆਂ ਸਰਵਰ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਰਾਜਸਥਾਨ ਹੱਦ ਵੱਲ ਜਾਂਦੀ ਚੰਮਿਆਰ ਖੇੜਾ ਰੋੜ 'ਤੇ ਗਸ਼ਤ ਉੱਪਰ ਜਾ ਰਹੇ ਸਨ | ਇਸ ਦੌਰਾਨ ਇਕ ਆਲਟੋ ਕਾਰ 'ਤੇ ਆ ਰਹੇ ਦੋ ਸ਼ੱਕੀ ਵਿਅਕਤੀਆਂ ਦੀ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 20 ਨਸ਼ੀਲੀਆਂ ਗੋਲੀਆਂ ਅਤੇ 800 ਨਸ਼ੀਲੇ ਕੈਪਸੂਲ ਬਰਾਮਦ ਹੋਏ | ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਗਗਨਦੀਪ ਸਿੰਘ ਉਰਫ਼ ਗੱਗੀ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਕਮਾਲ ਵਾਲਾ ਅਤੇ ਰਾਜਨ ਪੁੱਤਰ ਮਾਹਲਾ ਰਾਮ ਵਾਸੀ ਪਿੰਡ ਵਜੀਦਪੁਰਾ ਵਜੋਂ ਹੋਈ | ਥਾਣਾ ਖੂਈਆਂ ਸਰਵਰ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਉਕਤ ਦੋਵੇਂ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |
1 ਲੱਖ 80 ਹਜ਼ਾਰ ਰੁਪਏ ਚੋਰੀ - ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
ਜਲਾਲਾਬਾਦ, 9 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵਲੋਂ ਪਿੰਡ ਗੁਮਾਨੀ ਵਾਲਾ ਵਿਖੇ ਇਕ ਘਰ ਵਿਚੋਂ 1 ਲੱਖ 80 ਹਜ਼ਾਰ ਰੁਪਏ ਦੀ ਚੋਰੀ ਹੋਣ ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਮੇਸ਼ ਚੰਦ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸੰਦੀਪ ਕੁਮਾਰ ਪੁੱਤਰ ਹਰਭਜਨ ਲਾਲ ਵਾਸੀ ਗੁਮਾਨੀ ਵਾਲਾ ਵਲੋਂ ਬਿਆਨ ਦਰਜ ਕਰਵਾਏ ਗਏ ਹਨ ਕਿ ਉਸ ਦੇ ਘਰ ਅੰਦਰੋਂ ਮਿਤੀ 6 ਮਾਰਚ 2026 ਨੂੰ ਅਣਪਛਾਤੇ ਵਿਅਕਤੀਆਂ ਵਲੋਂ 1 ਲੱਖ 80 ਹਜ਼ਾਰ ਰੁਪਏ ਦੀ ਚੋਰੀ ਕੀਤੀ ਗਈ ਹੈ | ਜਿਸ ਤੇ ਸ਼ਿਕਾਇਤ ਕਰਤਾ ਸੰਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਧਾਰਾ 305,331(3) ਬੀ.ਐਨ.ਐੱਸ. ਤਹਿਤ ਮੁਕੱਦਮਾ ਨੰਬਰ 34 ਥਾਣਾ ਸਦਰ ਜਲਾਲਾਬਾਦ ਵਿਖੇ ਦਰਜ ਕੀਤਾ ਗਿਆ ਹੈ |