ਬੱਲੂਆਣਾ, 9 ਮਾਰਚ (ਜਸਮੇਲ ਸਿੰਘ ਢਿੱਲੋਂ)-ਬੱਲੂਆਣਾ ਹਲਕੇ ਦੇ ਨਵ-ਨਿਯੁਕਤ ਹਲਕਾ ਇੰਚਾਰਜ ਵਿਨੋਦ ਮੇਘ ਦੀ ਅਗਵਾਈ ਹੇਠ ਬੱਲੂਆਣਾ ਹਲਕੇ ਅੰਦਰ ਸ਼ੋ੍ਰਮਣੀ ਅਕਾਲੀ ਦਲ 2027 ਦੀਆਂ ਚੋਣਾਂ ਵਿਚ ਰਿਕਾਰਡ ਤੋੜ ਜਿੱਤ ਹਾਸਲ ਕਰੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਹਲਕੇ ਦੇ ਸੀਨੀਅਰ ਆਗੂ ਜਥੇਦਾਰ ਕੌਰ ਸਿੰਘ ਬਹਾਵਵਾਲਾ ਨੇ ਨਰਦੇਵ ਸਿੰਘ ਬੌਬੀ ਮਾਨ ਦੇ ਗ੍ਰਹਿ ਵਿਖੇ ਵਿਨੋਦ ਮੇਘ ਨੂੰ ਵਧਾਈ ਦਿੰਦੇ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਾਢੇ ਚਾਰ ਸਾਲ ਬੀਤ ਜਾਣ 'ਤੇ ਔਰਤਾਂ ਨੂੰ ਦਿੱਤੇ ਜਾਣ ਵਾਲੇ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਸਰਾਸਰ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਹੈ, ਨਾਲ ਹੀ ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਕਿਹੜੇ ਮਹੀਨੇ ਤੋਂ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ | ਲੰਘ ਚੁੱਕੇ 48 ਮਹੀਨਿਆਂ ਬਾਰੇ ਵੀ ਪੰਜਾਬ ਸਰਕਾਰ ਨੇ ਕੁੱਝ ਨਹੀਂ ਦੱਸਿਆ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇੰਨੇ ਭੋਲੇ ਨਹੀਂ, ਉਹ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋਏ ਪਏ ਹਨ | ਇਸ ਸਮੇਂ ਸੁਖਰਾਜ ਸਿੰਘ ਸਰਪੰਚ, ਪਵਨ ਸੈਦਾਂਵਾਲੀ, ਰਾਜਿੰਦਰ ਸਿੰਘ ਬਰਾੜ ਚੇਅਰਮੈਨ, ਮਲਕੀਤ ਸਿੰਘ ਨੰਬਰਦਾਰ, ਕਮਲ ਨੰਬਰਦਾਰ ਆਦਿ ਹਾਜ਼ਰ ਸਨ |