ਮੰਡੀ ਘੁਬਾਇਆ, 4 ਅਪ੍ਰੈਲ (ਅਮਨ ਬਵੇਜਾ)-ਇਸ ਵਾਰ ਅਪ੍ਰੈਲ ਮਹੀਨੇ ਦੇ ਸ਼ੁਰੂਆਤ 'ਚ ਸ਼ੁਰੂ ਹੋਈ ਬਰਸਾਤ ਨੇ ਕਣਕ ਦੀ ਫ਼ਸਲ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ | ਰੁਕ ਰੁਕ ਕੇ ਪੈ ਰਹੀ ਬਾਰਸ਼ ਕਾਰਨ ਕਣਕ ਦੀ ਕਟਾਈ ਦੇ ਕੰਮ 'ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ | ਕਿਸਾਨਾਂ ਨੇ ਦੱਸਿਆ ਕਿ ਮੀਂਹ ਕਾਰਨ ਖੇਤਾਂ 'ਚ ਨਮੀ ਵੱਧ ਗਈ ਹੈ | ਜਿਸ ਨਾਲ ਕਟਾਈ ਦਾ ਕੰਮ ਪਛੜਨ ਲੱਗਿਆ ਹੈ | ਆਮ ਤੌਰ 'ਤੇ ਇਸ ਸਮੇਂ ਤੱਕ ਕਈ ਖੇਤਾਂ ਵਿਚ ਕਟਾਈ ਸ਼ੁਰੂ ਹੋ ਜਾਂਦੀ ਹੈ, ਪਰ ਇਸ ਵਾਰ ਮੌਸਮ ਨੇ ਸਾਰੀ ਯੋਜਨਾ ਵਿਗਾੜ ਦਿੱਤੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਿਆਰ ਖੜ੍ਹੀ ਹੈ, ਪਰ ਖੇਤਾਂ ਵਿਚ ਮਿੱਟੀ ਦੇ ਗਿੱਲੇ ਹੋਣ ਕਾਰਨ ਮਸ਼ੀਨਾਂ ਨਾਲ ਕਟਾਈ ਕਰਨਾ ਮੁਸ਼ਕਲ ਹੋ ਰਿਹਾ ਹੈ | ਇਸ ਤੋਂ ਇਲਾਵਾ ਗਿੱਲੀ ਫ਼ਸਲ ਦੀ ਕਟਾਈ ਕਰਨ ਨਾਲ ਦਾਣੇ ਦੀ ਗੁਣਵੱਤਾ 'ਤੇ ਵੀ ਅਸਰ ਪੈ ਸਕਦਾ ਹੈ | ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਉੱਧਰ ਕਿਸਾਨਾਂ ਨੇ ਇਹ ਵੀ ਦੱਸਿਆ ਹੈ ਕਿ ਕਣਕ ਦੀ ਫ਼ਸਲ ਦੇ ਤਣੇ ਦੇ ਗਿੱਲੇ ਹੋ ਜਾਣ ਕਾਰਨ ਵੀ ਫ਼ਸਲ ਝੁਕਣ ਲੱਗ ਗਈ ਹੈ | ਕਈ ਖੇਤਰਾਂ ਵਿਚ ਚੱਲਿਆਂ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਦੇ ਧਰਤੀ 'ਤੇ ਵਿਛਣ ਕਾਰਨ ਵੀ ਕਟਾਈ ਮੁਸ਼ਕਿਲ ਹੋ ਜਾਵੇਗੀ | ਮੰਡੀ ਘੁਬਾਇਆ ਖੇਤਰ ਦੇ ਕਿਸਾਨ ਇਸ ਵੇਲੇ ਮੌਸਮ 'ਤੇ ਨਜ਼ਰ ਰੱਖ ਰਹੇ ਹਨ | ਜੇਕਰ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ਼ ਹੁੰਦਾ ਹੈ ਤਾਂ ਕਿਸਾਨ ਕਣਕ ਦੀ ਕਟਾਈ ਨੂੰ ਤੇਜ਼ੀ ਨਾਲ ਕਰਨਗੇ | ਮੌਸਮ ਦੇ ਬਦਲੇ ਰੁੱਖ ਕਾਰਨ ਕਿਸਾਨਾਂ ਵਿਚ ਹਲਕੀ ਚਿੰਤਾ ਵੀ ਪਾਈ ਜਾ ਰਹੀ ਹੈ | ਕੁੱਲ ਮਿਲਾ ਕੇ ਕਣਕ ਦੀ ਫ਼ਸਲ ਦੀ ਕਟਾਈ ਪਛੜ ਕੇ ਹੋਵੇਗੀ |