ਫ਼ਾਜ਼ਿਲਕਾ, 15 ਅਪ੍ਰੈਲ(ਦਵਿੰਦਰ ਪਾਲ ਸਿੰਘ)-ਮੰਡੀਆਂ ਵਿਚ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਆਮਦ ਪੂਰੇ ਜੋਬਨ 'ਤੇ ਹੈ | ਪਿਛਲੇ ਦਿਨਾਂ ਅੰਦਰ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਕਣਕ ਦੇ ਦਾਣੇ ਨੂੰ ਪੁੱਜੇ ਨੁਕਸਾਨ ਨੂੰ ਲੈ ਕੇ ਜਿੱਥੇ ਖ਼ਰੀਦ ਏਜੰਸੀਆਂ ਕਣਕ ਦੀ ਫ਼ਸਲ ਖ਼ਰੀਦਣ ਤੋਂ ਸੰਕੋਚ ਕਰ ਰਹੀਆਂ ਹਨ | ਪੰਜਾਬ ਸਰਕਾਰ ਕਣਕ ਦੀ ਖ਼ਰੀਦ ਦੇ ਮਾਪਦੰਡਾਂ ਵਿਚ ਛੋਟਾਂ ਦੀ ਮੰਗ ਕਰ ਰਹੀ ਹੈ | ਕੇਂਦਰੀ ਟੀਮ ਸਰਵੇ ਕਰਕੇ ਵਾਪਸ ਜਾ ਚੁੱਕੀ ਹੈ, ਪਰ ਫਿਰ ਵੀ ਵਧੇਰੇ ਮੰਡੀਆਂ ਵਿਚ ਕਣਕ ਦੀ ਖ਼ਰੀਦ ਹਾਲੇ ਸ਼ੁਰੂ ਨਹੀਂ ਹੋਈ | ਫ਼ਾਜ਼ਿਲਕਾ ਅਨਾਜ ਮੰਡੀ ਵਿਚ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੇ ਬਿਲਕੁਲ ਸੁੱਕੀ ਕਣਕ ਦੀਆਂ ਕੁੱਝ ਢੇਰੀਆਂ ਖ਼ਰੀਦ ਕੀਤੀਆਂ ਹਨ | ਫ਼ਾਜ਼ਿਲਕਾ ਮੁੱਖ ਅਨਾਜ ਮੰਡੀ ਵਿਚ 2275 ਕੁਇੰਟਲ ਦੇ ਕਰੀਬ ਆਮਦ ਹੋ ਚੁੱਕੀ ਹੈ | ਜਿਸ ਵਿਚ ਵੱਖ ਵੱਖ ਖ਼ਰੀਦ ਏਜੰਸੀਆਂ ਨੇ ਸਿਰਫ਼ 278 ਕੁਇੰਟਲ ਹੀ ਖ਼ਰੀਦ ਕੀਤੀ ਹੈ | ਕਣਕ ਦੀ ਆਮਦ ਤੇਜ਼ ਹੋਣ ਨਾਲ ਅੱਜ ਇਕ ਹਜ਼ਾਰ ਕੁਇੰਟਲ ਦੇ ਕਰੀਬ ਮੰਡੀ ਵਿਚ ਕਣਕ ਦੀ ਨਵੀਂ ਆਮਦ ਹੋਈ ਹੈ | ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ 14 ਅਪ੍ਰੈਲ ਨੂੰ ਮੰਡੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕੀਤੀ ਗਈ ਸੀ | ਉਸ ਸਮੇਂ ਏਜੰਸੀਆਂ ਨੇ 5 ਕੁਇੰਟਲ ਦੇ ਕਰੀਬ ਹੀ ਕਣਕ ਦੀ ਖ਼ਰੀਦ ਕੀਤੀ ਸੀ | ਜਦੋਂ ਕਿ 273 ਕੁਇੰਟਲ ਖ਼ਰੀਦ ਅੱਜ ਵੱਖ ਵੱਖ ਸਰਕਾਰੀ ਏਜੰਸੀਆਂ ਪਨਗ੍ਰੇਨ, ਪਨਸਪ, ਵੇਅਰ ਹਾਊਸ, ਮਾਰਕਫੈੱਡ ਆਦਿ ਨੇ ਮੰਡੀਆਂ 'ਚੋਂ ਕੀਤੀ ਹੈ | ਇਸ ਤਰ੍ਹਾਂ 278 ਕੁਇੰਟਲ ਹੀ ਹੁਣ ਤੱਕ ਕਣਕ ਦੀ ਖ਼ਰੀਦ ਹੋਈ ਹੈ | ਖ਼ਰੀਦ ਏਜੰਸੀਆਂ ਦਾ ਕਹਿਣਾ ਹੈ ਕਿ ਮੰਡੀ ਵਿਚ ਆਈ ਕਣਕ ਦੀ ਨਮੀ 14ਪ੍ਰਤੀਸ਼ਤ ਦੇ ਕਰੀਬ ਹੈ | ਜਦੋਂ ਕਿ ਪਹਿਲਾਂ ਕਣਕ ਦੀ ਖ਼ਰੀਦ ਲਈ ਨਮੀ ਦੀ ਸ਼ਰਤ 12 ਫ਼ੀਸਦੀ ਕੇਂਦਰ ਸਰਕਾਰ ਦੀ ਹੈ | ਉਨ੍ਹਾਂ ਕਿਹਾ ਕਿ ਨਮੀ ਜ਼ਿਆਦਾ ਹੋਣ ਕਾਰਨ ਉਹ ਖ਼ਰੀਦ ਕਰਨ ਤੋਂ ਅਸਮਰਥ ਹਨ | ਦੂਜੇ ਪਾਸੇ ਮੰਡੀਆਂ ਵਿਚ ਬੈਠੇ ਕਿਸਾਨਾਂ ਨੇ ਦੋਸ਼ ਲਗਾਇਆ ਹੈ ਕਿ ਖ਼ਰੀਦ ਏਜੰਸੀਆਂ ਵਾਲੇ ਸਿਆਸੀ ਸ਼ਹਿ 'ਤੇ ਸਿਰਫ਼ ਆਪਣੇ ਚਹੇਤਿਆਂ ਦੀ ਕਣਕ ਖ਼ਰੀਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਦਿਨ ਬ ਦਿਨ ਕਣਕ ਦੀ ਆਮਦ ਤੇਜ਼ ਹੁੰਦੀ ਜਾਵੇਗੀ | ਮੰਡੀ ਵਿਚ ਕਣਕ ਦੇ ਅੰਬਾਰ ਲੱਗ ਜਾਣਗੇ | ਜਿਸ ਨਾਲ ਕਿਸਾਨਾਂ ਨੂੰ ਕਣਕ ਵੇਚਣ ਵਿਚ ਭਾਰੀ ਦਿੱਕਤ ਆਵੇਗੀ | ਦੂਜੇ ਪਾਸੇ ਕੇਂਦਰ ਸਰਕਾਰ ਵਲੋਂ ਹਾਲੇ ਤੱਕ ਕਣਕ ਖ਼ਰੀਦ ਮਾਪਦੰਡਾਂ ਸਬੰਧੀ ਨਵੀਂ ਨੀਤੀ ਦਾ ਐਲਾਨ ਨਹੀਂ ਕੀਤਾ ਗਿਆ | ਜਿਸ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿਚ ਭਾਰੀ ਰੋਸ ਆਇਆ ਜਾ ਰਿਹਾ ਹੈ | ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦਾ ਕਹਿਣਾ ਹੈ ਕਿ ਉਹ ਤਾਂ ਸਿਰਫ਼ ਕੇਂਦਰ ਸਰਕਾਰ ਦੀਆਂ ਸ਼ਰਤਾਂ ਦੀ ਉਡੀਕ ਕਰ ਰਹੇ ਹਨ | ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਏਜੰਸੀਆਂ ਨੂੰ ਬਾਰਦਾਣਾ ਵੀ ਭੇਜਿਆ ਗਿਆ ਹੈ | ਕਿਸਾਨ ਮੰਡੀ ਵਿਚ ਬੈਠਾ ਮੌਸਮ ਤੋਂ ਡਰ ਰਿਹਾ ਹੈ | ਕਣਕ ਲਿਆ ਕੇ ਬੈਠੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਇਕ ਹਫ਼ਤਾ ਹੋ ਗਿਆ ਹੈ, ਉਹ ਮੰਡੀ ਵਿਚ ਕਣਕ ਲੈ ਕੇ ਆਏ ਹਨ | ਜਿਨ੍ਹਾਂ ਦੀ ਕਣਕ ਸੁੱਕੀ ਹੈ, ਉਸ ਨੂੰ ਵੀ ਖ਼ਰੀਦ ਨਹੀਂ ਕੀਤਾ ਜਾ ਰਿਹਾ | ਮਾਰਕੀਟ ਕਮੇਟੀ ਦੇ ਸਕੱਤਰ ਮਨਦੀਪ ਕਾਮਰਾ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ 'ਤੇ ਅੱਜ ਖ਼ਰੀਦ ਸ਼ੁਰੂ ਹੋਈ ਹੈ | ਪਹਿਲੇ ਦਿਨ ਜੋ ਚੰਗੀ ਕਣਕ ਹੈ ਉਸ ਦੀ ਖ਼ਰੀਦ ਕੀਤੀ ਗਈ ਹੈ | ਉਮੀਦ ਹੈ ਆਉਂਦੇ ਕਲ ਤੱਕ ਕੇਂਦਰੀ ਟੀਮ ਦੀ ਰਿਪੋਰਟ ਵੀ ਆ ਜਾਵੇਗੀ | ਉਸ ਤੋਂ ਬਾਅਦ ਕਣਕ ਦੀ ਖ਼ਰੀਦ ਸੁਚਾਰੂ ਹੋ ਜਾਵੇਗੀ |