ਅਬੋਹਰ, 13 ਮਈ (ਤੇਜਿੰਦਰ ਸਿੰਘ ਖ਼ਾਲਸਾ)- ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ 12 ਮਈ ਨੂੰ ਸਰਹੰਦ ਫ਼ਤਿਹ ਕੀਤੀ ਗਈ ਸੀ, ਦੀ ਯਾਦ ਵਿਚ ਸਮੁੱਚਾ ਸਿੱਖ ਜਗਤ 12 ਮਈ ਨੂੰ ਸਰਹੰਦ ਫ਼ਤਿਹ ਦਿਵਸ ਦੇ ਤੌਰ 'ਤੇ ਮਨਾਉਂਦਾ ਹੈ | ਇਸ ਸੰਬੰਧੀ ਅਬੋਹਰ ਦੀਆਂ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਹਿਰ ਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਸਥਿਤ ਖੰਡਾ ਚੌਂਕ ਵਿਖੇ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਉਲੀਕਿਆ | ਜਿਸ ਤਹਿਤ ਦੇਰ ਸ਼ਾਮ ਚੌਪਈ ਸਾਹਿਬ ਦੇ ਪਾਠ ਕੀਤੇ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ | ਇਸ ਉਪਰੰਤ ਰਾਹਗੀਰਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਉਂਦੇ ਹੋਏ ਲੱਡੂਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ | ਪ੍ਰੋਗਰਾਮ ਦੌਰਾਨ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਗੁਰਵਿੰਦਰ ਸਿੰਘ ਵਿਪਨ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫ਼ਤਿਹ ਕਰਕੇ ਸਿੱਖ ਰਾਜ ਸਥਾਪਿਤ ਕੀਤਾ ਸੀ ਅਤੇ ਛੋਟੇ ਜ਼ਿਮੀਂਦਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ | ਇਸ ਮੌਕੇ ਰਾਜੂ ਪੱਕੀ, ਜਗਜੀਤ ਸਿੰਘ ਜੱਗਾ, ਕਰਨਲ ਐੱਸ.ਪੀ.ਆਰ ਗਾਬਾ, ਬਲਵਿੰਦਰ ਸਿੰਘ ਐਧਣ, ਪਰਮਿੰਦਰ ਸਿੰਘ ਗਿੱਲ, ਬੱਬਲ ਬੁੱਟਰ, ਬਾਬਾ ਗੁਰਦਾਸ ਸਿੰਘ, ਮਾਨ ਸਿੰਘ ਪਰੂਥੀ, ਸੁਖਜਿੰਦਰ ਸਿੰਘ ਰਾਜਨ, ਤਰਲੋਚਨ ਸਿੰਘ, ਅਰਸ਼ਦੀਪ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ |