ਫ਼ਾਜ਼ਿਲਕਾ, 13 ਮਈ (ਦਵਿੰਦਰ ਪਾਲ ਸਿੰਘ)-ਸਮਾਜ ਸੇਵੀ ਕੰਮਾਂ ਵਿਚ ਮੋਹਰੀ ਰਹਿਣ ਵਾਲੀ ਜਨ ਸੇਵਾ ਸੁਸਾਇਟੀ ਫ਼ਾਜ਼ਿਲਕਾ ਦੇ ਇਕ ਵਫ਼ਦ ਵਲੋਂ ਸਰਪ੍ਰਸਤ ਰਤਨ ਗਰੋਵਰ ਅਤੇ ਪ੍ਰਧਾਨ ਰਮਨ ਸੇਤੀਆ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਨਵੇਂ ਐੱਸ.ਐੱਸ.ਪੀ ਗਗਨ ਅਜੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ | ਸੁਸਾਇਟੀ ਦੇ ਸਕੱਤਰ ਆਕਾਸ਼ ਡੋਡਾ ਨੇ ਦੱਸਿਆ ਕਿ ਐੱਸ.ਐੱਸ.ਪੀ ਨੂੰ ਗੁਲਦਸਤਾ ਭੇਟ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਸ਼ਹਿਰ ਦੀ ਟਰੈਫ਼ਿਕ ਵਿਵਸਥਾ ਵਿਚ ਸੁਧਾਰ ਲਿਆਉਣ ਸਬੰਧੀ ਇਕ ਮੰਗ ਪੱਤਰ ਵੀ ਸੌਂਪਿਆ ਗਿਆ | ਉਨ੍ਹਾਂ ਕਿਹਾ ਕਿ ਗਊਸ਼ਾਲਾ ਰੋਡ ਸਥਿਤ ਸਾਈਕਲ ਬਾਜ਼ਾਰ ਚੌਕ ਵਿਚ ਟਰੈਫ਼ਿਕ ਵਿਵਸਥਾ ਨੂੰ ਸੁਧਾਰਿਆ ਜਾਵੇ, ਦੁਪਹਿਰ 2 ਵਜੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਹੋਰ ਸਕੂਲਾਂ ਦੀ ਛੁੱਟੀ ਵੇਲੇ ਹੋਣ ਵਾਲੇ ਭਾਰੀ ਜਾਮ ਦਾ ਹੱਲ ਕੀਤਾ ਜਾਵੇ, ਬੱਤੀਆਂ ਵਾਲੇ ਚੌਕ ਵਿਚ ਪਿਛਲੇ ਕਈ ਮਹੀਨਿਆਂ ਤੋਂ ਖ਼ਰਾਬ ਪਈ ਟਾਈਮ ਮਸ਼ੀਨ ਨੂੰ ਠੀਕ ਕਰਵਾਇਆ ਜਾਵੇ, ਲਾਲ ਬੱਤੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਐੱਸ.ਐੱਸ.ਪੀ ਗਗਨ ਅਜੀਤ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਟਰੈਫ਼ਿਕ ਨੂੰ ਸੁਚਾਰੂ ਬਣਾਉਣ ਲਈ ਪੀ.ਸੀ.ਆਰ ਦੀ ਗਸ਼ਤ ਵਧਾਈ ਜਾਵੇਗੀ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਦੁਕਾਨਾਂ ਦੇ ਬਾਹਰ ਨਾ ਰੱਖਣ ਤਾਂ ਜੋ ਆਵਾਜਾਈ ਵਿਚ ਵਿਘਨ ਨਾ ਪਵੇ | ਇਸ ਮੌਕੇ ਸੰਦੀਪ ਸਚਦੇਵਾ, ਰਾਕੇਸ਼ ਗਿਲਹੋਤਰਾ, ਰਮੇਸ਼ ਕੁਮਾਰ, ਪਵਨ ਬੱਬਰ, ਪ੍ਰਦੀਪ ਗੁਪਤਾ ਅਤੇ ਜੋਤੀ ਮੱਕੜ ਵੀ ਮੌਜੂਦ ਸਨ |