ਫ਼ਾਜ਼ਿਲਕਾ, 11 ਜੂਨ (ਅਮਰਜੀਤ ਸ਼ਰਮਾ)-ਸਥਾਨਕ ਜੋਤੀ ਬੀ.ਐੱਡ.ਕਾਲਜ ਦੇ ਸੈਸ਼ਨ 2025-27 ਦੇ ਪਹਿਲੇ ਸਮੈਸਟਰ ਦਾ ਪ੍ਰੀਖਿਆ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਪ੍ਰੀਖਿਆ 'ਚ ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਬਹੁਤ ਵਧੀਆ ਅੰਕ ਪ੍ਰਾਪਤ ਕਰਕੇ ਸਫਲਤਾ ਹਾਸਲ ਕੀਤੀ ਹੈ | ਕਾਲਜ ਦੇ ਪਿ੍ੰਸੀਪਲ ਡਾ.ਸ਼੍ਰੀਮਤੀ ਅਨੀਤਾ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੀਖਿਆ ਨਤੀਜੇ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਸਾਰੇ ਹੀ ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਹੈ | ਉਨ੍ਹਾਂ ਦੱਸਿਆ ਕਿ ਮੈਰਿਟ ਸੂਚੀ 'ਚ ਯਸ਼ੂ ਨਾਗਪਾਲ ਸਪੁੱਤਰੀ ਰਾਜੇਸ਼ ਕੁਮਾਰ ਨੇ 82.88 ਫ਼ੀਸਦੀ ਅੰਕਾਂ ਨਾਲ ਕਾਲਜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਹੇਮਲਤਾ ਸਪੁੱਤਰੀ ਕਾਂਸ਼ੀ ਰਾਮ ਅਤੇ ਖ਼ੁਸ਼ਦੀਪ ਕੌਰ ਸਪੁੱਤਰੀ ਰਣਜੀਤ ਸਿੰਘ ਨੇ 82.66 ਫ਼ੀਸਦੀ ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਨੀਸ਼ਾ ਰਾਣੀ ਸਪੁੱਤਰੀ ਮਿਲਖ ਰਾਜ ਨੇ 81.77 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਕਾਲਜ ਦੇ ਪ੍ਰਧਾਨ ਸੁਰਿੰਦਰ ਠਕਰਾਲ, ਸਕੱਤਰ ਡਾ. ਰੌਸ਼ਨ ਲਾਲ ਠੱਕਰ, ਸੇਵਾਮੁਕਤ ਪ੍ਰੋ.ਸਤਪਾਲ ਗੁਪਤਾ, ਸਮਾਜਸੇਵੀ ਸੁਭਾਸ਼ ਅਰੋੜਾ, ਪਿ੍ੰਸੀਪਲ ਡਾ.ਅਨੀਤਾ ਅਰੋੜਾ ਅਤੇ ਸਮੂਹ ਸਟਾਫ਼ ਵਲੋਂ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ | ਉਨ੍ਹਾਂ ਬੱਚਿਆਂ ਦੀ ਇਸ ਸਫਲਤਾ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |