ਜਲਾਲਾਬਾਦ, 26 ਜੂਨ (ਕਰਨ ਚੁਚਰਾ)-ਪਾਵਰ ਕਾਮ ਐਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਿਵੀਜ਼ਨ ਜਲਾਲਾਬਾਦ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਅੱਜ ਫਿਰ ਹੜਤਾਲ ਜਾਰੀ ਰੱਖ ਕੇ ਜਲਾਲਾਬਾਦ ਦੇ ਐਕਸੀਅਨ ਦਫ਼ਤਰ ਵਿਚ ਰੋਸ ਧਰਨਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਨਿਸ਼ਾਨ ਸਿੰਘ ਐਨ.ਸੀ.ਸੀ. ਅਤੇ ਸਾਹਿਲ ਬਤਰਾ ਸੀ.ਆਰ.ਸੀ., ਡਵੀਜ਼ਨ ਪ੍ਰਧਾਨ ਨਰਿੰਦਰ ਸਿੰਘ ਸੀ.ਐੱਚ.ਬੀ. ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਐਨ.ਸੀ.ਸੀ ਅਤੇ ਸੀ.ਆਰ.ਸੀ ਕਾਮਿਆਂ ਨੂੰ ਸਿੱਧਾ ਵਿਭਾਗ ਵਿਚ ਸ਼ਾਮਿਲ ਕੀਤਾ ਜਾਵੇ ਅਤੇ ਇਸ ਦੇ ਇਲਾਵਾ ਹੋਰ ਲਟਕਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਹਰ ਇੱਕ ਠੇਕਾ ਕਾਮੇ ਨੂੰ ਸਿੱਧਾ ਵਿਭਾਗ ਵਿਚ ਸ਼ਾਮਿਲ ਕੀਤਾ ਜਾਵੇਗਾ ਪਰ ਅੱਜ ਪੰਜਾਬ ਦੀ ਸਰਕਾਰ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਿਸ ਨੂੰ ਠੇਕਾ ਕਾਮੇ ਬਰਦਾਸ਼ਤ ਨਹੀਂ ਕਰਨਗੇ। ਠੇਕਾ ਕਾਮਿਆਂ ਨੇ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਇਸ ਚੱਲ ਰਹੇ ਸੰਘਰਸ਼ ਵਿਚ ਸੀ.ਐਚ.ਬੀ ਕਾਮਿਆਂ ਦੇ ਸਰਕਲ ਸਕੱਤਰ ਛਿੰਦਰ ਸਿੰਘ ਨੇ ਐਨ.ਸੀ.ਸੀ ਅਤੇ ਸੀ.ਆਰ.ਸੀ ਕਾਮਿਆਂ ਦੇ ’ਤੇ ਪਾਏ ਜਾ ਰਹੇ ਵਾਧੂ ਕੰਮ ਬੋਝ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਐਨ.ਸੀ.ਸੀ ਅਤੇ ਸੀ.ਆਰ.ਸੀ ਕਾਮਿਆਂ ਨੂੰ ਸਿੱਧਾ ਵਿਭਾਗ ਵਿਚ ਸ਼ਾਮਿਲ ਕਰਨ ਸਮੇਤ ਕਾਮਿਆਂ ਦੀ ਤਨਖ਼ਾਹ ਵਿਚ ਵਾਧਾ ਕਰਨਾ, ਕਾਮਿਆਂ ’ਤੇ ਪਾਇਆ ਜਾ ਰਿਹਾ ਵਾਧੂ ਕੰਮ ਦਾ ਬੋਝ ਰੋਕਣਾ, ਐਨ.ਸੀ.ਸੀ ਅਤੇ ਸੀ.ਆਰ.ਸੀ ਕਾਮਿਆਂ ਦੀ ਭਰਤੀ ਕਰਨਾ ਆਦਿ ਮੰਗਾਂ ਹਨ। ਜੇਕਰ ਸਰਕਾਰ ਨੇ ਐਨ.ਸੀ.ਸੀ ਅਤੇ ਸੀ.ਆਰ.ਸੀ ਕਾਮਿਆਂ ਨੂੰ ਸਿੱਧਾ ਵਿਭਾਗ ਵਿਚ ਲੈਣ ਤੋਂ ਪਾਸਾ ਵਟਿਆ ਤਾਂ ਪੰਜਾਬ ਭਰ ਦੇ ਸੀ.ਐੱਚ.ਬੀ ਕਾਮੇ ਮੁਕੰਮਲ ਹੜਤਾਲ ਕਰ ਸੰਘਰਸ਼ ਦੇ ਮੈਦਾਨ ਵਿਚ ਸ਼ਾਮਿਲ ਹੋਣਗੇ। ਜਥੇਬੰਦੀ ਵਲੋਂ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ।