ਅਟਾਰੀ ਸਰਹੱਦ, 3 ਜਨਵਰੀ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-13 ਦਸੰਬਰ 2001 ਨੂੰ ਭਾਰਤੀ ਸੰਸਦ 'ਤੇ ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ ਤੇ ਦੋਵੇਂ ਪਾਸੇ ਦੇਸ਼ਾਂ ਦਰਮਿਆਨ ਵਧੇ ਤਣਾਅ ਦੌਰਾਨ ਅਟਾਰੀ ਸਰਹੱਦ ਦੇ ਨਜ਼ਦੀਕ ਪਿੰਡ ਮੁਹਾਵਾ ਵਿਖੇ ਬਰੂਦੀ ਸੁਰੰਗਾਂ ਫਿੱਟ ਕਰਦਿਆਂ ਹੋਏ ਧਮਾਕਿਆਂ ਵਿਚ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨ ਤੇ ਸਥਾਨਕ ਲੋਕਾਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ 5 ਜਨਵਰੀ ਨੂੰ ਭਾਰਤੀ ਸਰਹੱਦੀ ਪਿੰਡ ਮੁਹਾਵਾ ਵਿਖੇ ਕਰਵਾਇਆ ਜਾਵੇਗਾ | ਗੁਰਦੁਆਰਾ ਸੈਨਿਕ ਸ਼ਹੀਦਾਂ ਵੈਲਫੇਅਰ ਸੋਸਾਇਟੀ ਕਮੇਟੀ ਮੁਹਾਵਾ ਦੇ ਪ੍ਰਧਾਨ ਜੋਗਿੰਦਰ ਸਿੰਘ, ਉਪ ਪ੍ਰਧਾਨ ਅਮਰੀਕ ਸਿੰਘ ਸਕੱਤਰ, ਕਰਮਜੀਤ ਸਿੰਘ ਤੇ ਗ੍ਰੰਥੀ ਜਸਵੰਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਸੰਸਦ ਹਮਲੇ ਤੋਂ ਬਾਅਦ ਭਾਰਤ ਸਰਕਾਰ ਵਲੋਂ ਪਾਕਿਸਤਾਨ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ 1971 ਦੀ ਜੰਗ ਵਾਂਗ ਭਾਰਤੀ ਫੌਜ ਦੇ ਜਵਾਨ 5 ਜਨਵਰੀ 2002 ਦੀ ਸ਼ਾਮ ਨੂੰ ਆਪਣੇ ਦੇਸ਼ ਦੀ ਸੁਰੱਖਿਆ ਲਈ ਪਿੰਡ ਮੁਹਾਵਾ ਵਿਚ ਜ਼ਮੀਨੀ ਸੁਰੰਗਾਂ ਮਾਇਨ ਫਿੱਟ ਕਰ ਰਹੇ ਸਨ ਕਿ ਸੜਕ ਕੰਢੇ ਫਿੱਟ ਕਰਨ ਲਈ ਪਏ ਮਾਈਨਾਂ ਬੰਬ ਜ਼ਮੀਨੀ ਸੁਰੰਗ 'ਤੇ ਅਚਾਨਕ ਇਕ ਵਾਹਨ ਆ ਚੜਿਆ ਜਿਸ ਦੇ ਸਿੱਟੇ ਵਜੋਂ ਜ਼ੋਰਦਾਰ ਮਾਇਨ ਫਟਣ ਦੇ ਧਮਾਕੇ ਵੇਖਣ ਨੂੰ ਮਿਲੇ ਤੇ ਇਸ ਦੌਰਾਨ ਪੰਜ ਭਾਰਤੀ ਫੌਜ ਦੇ ਜਵਾਨ ਤੇ ਤਿੰਨ ਸਥਾਨਕ ਲੋਕ ਮੌਕੇ 'ਤੇ ਹੀ ਸ਼ਹੀਦੀ ਪ੍ਰਾਪਤ ਕਰ ਗਏ ਤੇ ਅਨੇਕਾਂ ਜਵਾਨ ਤੇ ਸਥਾਨਕ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋਏ ਤੇ ਨਜ਼ਦੀਕ ਦੇ ਘਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਸੀ, ਨੇ ਦੱਸਿਆ ਕਿ ਸ਼ਹੀਦ ਹੋਏ ਫੌਜੀ ਜਵਾਨ ਤੇ ਸਥਾਨਕ ਲੋਕਾਂ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਜਨਵਰੀ ਨੂੰ 113 ਇੰਜੀਨੀਅਰ ਰੈਜੀਮੈਂਟ ਵਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਸਮਾਗਮ ਕਰਵਾਏ ਜਾਣਗੇ |