ਰਈਆ, 25 ਜਨਵਰੀ (ਸ਼ਰਨਬੀਰ ਸਿੰਘ ਕੰਗ)-ਅੱਜ ਰਈਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਅੰਮਿ੍ਤਸਰ ਦੇ ਸਰਕਲ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਬਿਕਰਮ ਸਿੰਘ ਚੀਮਾਬਾਠ ਨੇ ਕਿਹਾ ਕਿ ਬਰਗਾੜੀ ਤੇ ਕੋਟਕਪੁਰਾ ਦੇ ਅਸਲ ਦੋਸ਼ੀਆਂ ਨੂੰ ਸਜ਼ਾ ਮਿਲਣੀ ਅੱਤ ਜਰੂਰੀ | ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾ ਤਾਂ ਦੋਸ਼ੀ ਫੜੇ ਗਏ ਅਤੇ ਨਾ ਹੀ ਅਸਲ ਦੋਸ਼ੀਆਂ ਨੂੰ ਕੋਈ ਵੀ ਸਰਕਾਰ ਚਾਹੇ ਪਹਿਲੀਆਂ ਸਰਕਾਰਾਂ ਜਾਂ ਹੁਣ ਵਾਲੀ ਸਜ਼ਾ ਦੇ ਸਕੀ ਹੈ | ਪੰਜਾਬ ਵਿਚ ਜਿਹੜੀ ਵੀ ਪਾਰਟੀ ਨੇ ਸਰਕਾਰ ਬਣਾਉਣੀ ਹੁੰਦੀ ਸੀ ਕਿ ਸਾਡੀ ਸਰਕਾਰ ਬਣਦਿਆ ਹੀ ਗੁਰੂ ਗ੍ਰੰਥ ਸਾਹਿਬ ਜੀ ਦੋਸ਼ੀਆਂ ਫੜ ਕੇ ਉਨ੍ਹਾਂ ਨੂੰ ਕਟਹਿਰੇ ਵਿਚ ਖੜਾ ਕੀਤਾ ਜਾਵੇਗਾ, ਝੂਠ ਬੋਲ ਕੇ ਸਰਕਾਰਾਂ ਬਣਾਉਦੀਆਂ ਰਹੀਆਂ ਪਰ ਪਰਨਾਲਾ ਉਥੇ ਦਾ ਉਥੇ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅਸਲ ਦੋਸ਼ੀਆ ਨੂੰ ਨੰਗੇ ਕੀਤਾ ਸੀ ਪਰ ਮਾਨ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਤਾਂ ਕੀ ਦੇਣੀ ਦੇਣੀ ਸੀ ਸਗੋਂ ਕੁੰਵਰ ਵਿਜੈ ਪ੍ਰਤਾਪ ਨੂੰ ਹੀ ਨੁਕਰੇ ਲਗਾ ਦਿੱਤਾ | ਗੁਰੂ ਸਾਹਿਬਾਨ ਦੇ ਦੋਸ਼ੀਆਂ ਨੂੰ ਅਜੇ ਤੱਕ ਗਿ੍ਫਤਾਰ ਨਾ ਕਰਨਾ ਬਹੁਤ ਹੀ ਨਿੰਦਣਯੋਗ ਹੈ | ਇਸ ਮੌਕੇ ਉਨ੍ਹਾਂ ਨਾਲ ਜਗਤਾਰ ਸਿੰਘ ਛਾਪਿਆਂਵਾਲੀ, ਸਤਨਾਮ ਸਿੰਘ ਕਾਲੇਕੇ, ਦਿਲਬਾਗ ਸਿੰਘ ਬਾਠ, ਪ੍ਰਵੀਨ ਕੁਮਾਰ ਕਾਲੀਆ ਰਈਆ, ਲਖਬੀਰ ਸਿੰਘ ਲੱਖਾ ਬਾਠ, ਸੋਨੀ ਫੌਜੀ ਚੀਮਾਬਾਠ ਅਤੇ ਦਵਿੰਦਰ ਸਿੰਘ ਪੱਤੀ ਛੀਨੇਮਾਨ ਰਈਆ ਆਦਿ ਹਾਜ਼ਰ ਸਨ |