ਜੰਡਿਆਲਾ ਗੁਰੂ, 25 ਜਨਵਰੀ (ਹਰਜਿੰਦਰ ਸਿੰਘ ਕਲੇਰ)-ਖਡੂਰ ਸਾਹਿਬ ਹਲਕੇ ਤੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਸੂਬਾ ਮੀਤ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸ਼ੇਰੋਂ ਖੰਡ ਮਿੱਲ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸਨੂੰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਸਪਸ਼ਟ ਕੀਤਾ ਕਿ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਦੇਣੀ ਪਏ, ਪਰ ਲੋਕ ਹਿਤਾਂ ਦੀ ਰੱਖਿਆ ਕੀਤੀ ਜਾਵੇਗੀ | ਉਨ੍ਹਾਂ ਆਖਿਆ ਕਿ ਸਰਕਾਰ ਦਾ ਪਹਿਲਾ ਫਰਜ਼ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨਾ ਹੁੰਦਾ ਹੈ, ਨਾ ਕਿ ਉਨ੍ਹਾਂ ਦੇ ਬਣਦੇ ਹੱਕ ਖੋਹ ਲੈਣੇ | ਸਰਕਾਰ ਬਣਨ ਤੋਂ ਲੈ ਕੇ ਹਰ ਵਰਗ ਨੂੰ ਆਪਣੀ ਗੱਲ ਮਨਵਾਉਣ ਲਈ ਧਰਨੇ ਲਗਾਉਣੇ ਪੈ ਰਹੇ ਹਨ | ਕਾਨੂੰਨ-ਵਿਵਸਥਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿਚ ਹਰ ਰੋਜ਼ ਗੁੰਡਾਗਰਦੀ ਵੱਧ ਰਹੀ ਹੈ | ਗੋਲੀਆਂ ਚੱਲਣ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ ਅਤੇ ਲੋਕ ਆਪਣੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ ਵਿਚ ਨਾਕਾਮ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਲੋਕ 2027 ਦੀਆਂ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ | ਸਾਡੀ ਸਰਕਾਰ ਬਣਨ 'ਤੇ ਜਨਤਾ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇਗੀ | ਇਸ ਮੌਕੇ ਰਣਜੀਤ ਸਿੰਘ ਪੀ.ਏ., ਕੁਲਦੀਪ ਸਿੰਘ ਨੰਬਰਦਾਰ ਪੱਖੋਕੇ, ਕਿਸ਼ਨ ਸਿੰਘ ਪੱਖੋਕੇ, ਪ੍ਰਗਟ ਸਿੰਘ ਪੱਖੋਕੇ, ਕੰਵਰ ਸਿੰਘ ਪੱਖੋਕੇ, ਹਰਮੇਸ਼ ਸਿੰਘ, ਹਰਦੀਪ ਸਿੰਘ ਦੀਪੂ, ਮਲਕੀਤ ਸਿੰਘ ਪੱਖੋਕੇ, ਯੁਵਰਾਜ ਸਿੰਘ ਬਾਠ, ਕੇਵਲ ਸਿੰਘ ਬਾਠ, ਸੁਬੇਗ ਸਿੰਘ ਮਾਲਚੱਕ, ਪ੍ਰਭਜੀਤ ਸਿੰਘ ਦੁੱਗਲਵਾਲ, ਪਰਮਜੀਤ ਕੌਰ ਧੂੰਦਾ, ਸ਼ੇਰ ਸਿੰਘ ਸੰਘਾ ਆਦਿ ਹਾਜ਼ਰ ਸਨ |