ਅੰਮਿ੍ਤਸਰ, 31 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਨਵੀਨਤਾ ਅਤੇ ਉੱਦਮਤਾ ਆਊਟਰੀਚ ਪ੍ਰੋਗਰਾਮ ਦੇ ਹਿੱਸੇ ਵਜੋਂ ਡੀ. ਏ. ਵੀ. ਕਾਲਜ ਦੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਨੇ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਹਾਥੀ ਗੇਟ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਆਪਣੇ ਉਦਘਾਟਨੀ ਭਾਸ਼ਣ 'ਚ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਅੱਜ ਨਵੀਨਤਾ ਅਤੇ ਉੱਦਮਤਾ ਦਾ ਯੁੱਗ ਹੈ | ਸਾਡਾ ਟੀਚਾ ਸਿਰਫ਼ ਪਾਠ ਪੁਸਤਕਾਂ ਦਾ ਗਿਆਨ ਦੇਣਾ ਨਹੀਂ ਹੈ, ਸਗੋਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ ਅਤੇ ਰਚਨਾਤਮਕ ਸੋਚ, ਜੋਖਮ ਲੈਣ ਅਤੇ ਲੀਡਰਸ਼ਿਪ ਗੁਣਾਂ ਨੂੰ ਵਿਕਸਤ ਕਰਨਾ ਹੈ | ਪ੍ਰੋਗਰਾਮ ਦੇ ਮੁੱਖ ਬੁਲਾਰੇ ਆਈ. ਪੀ. ਆਰ. ਕੋਆਰਡੀਨੇਟਰ ਡਾ. ਗਗਨਦੀਪ ਰਾਏਜ਼ਾਦਾ ਸਨ, ਜਿਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਨਾਲ ਨਵੀਨਤਾ, ਉੱਦਮਤਾ ਅਤੇ ਬੌਧਿਕ ਸੰਪਤੀ ਅਧਿਕਾਰਾਂ ਦੇ ਮੌਕਿਆਂ ਅਤੇ ਚੁਣੌਤੀਆਂ ਬਾਰੇ ਸੂਝ ਸਾਂਝੀ ਕੀਤੀ | ਪ੍ਰੋਗਰਾਮ 'ਚ ਨਵੀਨਤਾ ਈਕੋਸਿਸਟਮ, ਸਟਾਰਟ-ਅੱਪ ਫੰਡਿੰਗ, ਪੇਟੈਂਟ, ਕਾਪੀਰਾਈਟ ਅਤੇ ਟਰੇਡਮਾਰਕ ਕਾਨੂੰਨਾਂ 'ਤੇ ਡੂੰਘਾਈ ਨਾਲ ਚਰਚਾ ਸ਼ਾਮਿਲ ਸੀ | ਡਾ. ਗਗਨਦੀਪ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ | ਆਈ. ਆਈ. ਸੀ. ਕਨਵੀਨਰ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਇਹ ਸਮਾਗਮ ਸਕੂਲੀ ਵਿਦਿਆਰਥੀਆਂ 'ਚ ਨਵੀਨਤਾ ਅਤੇ ਸਟਾਰਟ-ਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਬੌਧਿਕ ਸੰਪਤੀ ਬਾਰੇ ਨੌਜਵਾਨ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਆਯੋਜਿਤ ਕੀਤਾ ਗਿਆ ਸੀ | ਡਾ. ਸਾਕਸ਼ੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਕਾਲਜ ਦੇ ਇੰਸਟੀਚਿਊਸ਼ਨਜ਼ ਇੰਨੋਵੇਸ਼ਨ ਕਾਊਾਸਿਲ ਬਾਰੇ ਜਾਣਕਾਰੀ ਦਿੱਤੀ, ਜੋ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਸਰੋਤ ਪ੍ਰਦਾਨ ਕਰਕੇ ਉਨ੍ਹਾਂ ਦੇ ਨਵੀਨਤਾਕਾਰੀ ਵਿਚਾਰਾਂ ਨੂੰ ਠੋਸ ਉਤਪਾਦਾਂ ਜਾਂ ਸੇਵਾਵਾਂ 'ਚ ਬਦਲਣ 'ਚ ਮਦਦ ਕਰਦੀ ਹੈ | ਸੈਂਕੜੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਪ੍ਰੋਗਰਾਮ 'ਚ ਉਤਸ਼ਾਹ ਨਾਲ ਹਿੱਸਾ ਲਿਆ |