ਰਾਮ ਤੀਰਥ, 6 ਮਾਰਚ (ਧਰਵਿੰਦਰ ਸਿੰਘ ਔਲਖ)-ਹਿੰਦੁਸਤਾਨ ਦੀ ਪ੍ਰਮੁੱਖ ਹਸਤੀ ਮਾਰਸ਼ਲ ਸਿੰਘ ਸ. ਅਰਜਨ ਸਿੰਘ ਦੇ ਚਚੇਰੇ ਭਰਾ ਗੁਰਜੀਤ ਸਿੰਘ ਔਲਖ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਸਵਿਸ ਸਿਟੀ ਵਿਖੇ ਪਾਏ ਗਏ | ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਡੇਰਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ, ਰਾਮ ਤੀਰਥ ਰੋਡ ਵਿਖੇ ਕਰਵਾਇਆ ਗਿਆ | ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਗਾਇਨ ਕੀਤਾ ਗਿਆ | ਗੁਰਜੀਤ ਸਿੰਘ ਔਲਖ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਅਤੇ ਜਗੀਰ ਸਿੰਘ ਘਨੂੰਪੁਰ ਜੇ. ਈ. ਨੇ ਕਿਹਾ ਕਿ ਸ਼ੂਗਰ ਮਿਲ 'ਚੋਂ ਬਤੌਰ ਸੀ.ਸੀ.ਡੀ.ਓ. ਸੇਵਾ ਮੁਕਤ ਹੋਏ ਸ੍ਰੀ ਔਲਖ ਮਿਲਣਸਾਰ, ਧਾਰਮਿਕ ਰੁਚੀਆਂ ਵਾਲੇ, ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਵੀ ਚੰਗੀ ਵਿਦਿਆ ਤੇ ਸਿੱਖਿਆ ਦੇ ਕੇ ਉੱਚੀਆਂ ਪਦਵੀਆਂ 'ਤੇ ਪਹੁੰਚਾਇਆ | ਅੰਤ ਵਿਚ ਉਨ੍ਹਾਂ ਦੇ ਵੱਡੇ ਪੁੱਤਰ ਕਮਲਪ੍ਰੀਤ ਸਿੰਘ ਔਲਖ ਨੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਸੁੱਚਾ ਸਿੰਘ ਲੋਪੋਕੇ, ਸਾਬਕਾ ਸਰਪੰਚ ਲਖਵਿੰਦਰ ਸਿੰਘ ਔਲਖ ਪਿੰਡ ਚੱਕ ਮਿਸ਼ਰੀ ਖਾਂ, ਏਅਰ ਫੋਰਸ ਦੇ ਸੁਕਾਡਰਨ ਲੀਡਰ ਮਹਿਤਾਬ ਸਿੰਘ ਔਲਖ, ਬੀਬੀ ਹਰਜੀਤ ਕੌਰ ਔਲਖ, ਜਪਨੀਤ ਕੌਰ ਔਲਖ, ਕਰਨਪਾਲ ਕੌਰ ਔਲਖ ਆਦਿ ਹਾਜ਼ਰ ਸਨ |