ਅੰਮਿ੍ਤਸਰ, 8 ਮਾਰਚ (ਹਰਮਿੰਦਰ ਸਿੰਘ)-11ਵੇਂ ਅੰਮਿ੍ਤਸਰ ਸਾਹਿਤ ਉਤਸਵ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਤਿੰਨ ਰੋਜ਼ਾ ਇਸ ਸਮਾਗਮਾਂ ਦਾ ਵੀ ਸਾਹਿਤ ਪ੍ਰੇਮੀਆਂ ਤੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ | ਉਤਸਵ ਦੇ ਆਖਰੀ ਦਿਨ ਤਿੰਨ ਸਮਾਗਮ ਸਫ਼ਲਤਾ ਪੂਰਵਕ ਨੇਪਰੇ ਚੜ੍ਹੇ, ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਿ੍ਅੰਕਾ ਠਾਕੁਰ ਦੁਆਰਾ ਬਸੰਤ ਰਾਗ ਦਾ ਮਧੁਰ ਗਾਇਨ ਕੀਤਾ, ਜਿਸ ਦੌਰਾਨ ਉਨ੍ਹਾਂ ਦਾ ਤਬਲੇ ਉੱਪਰ ਗੁਣਦੀਪ ਸਿੰਘ ਤੇ ਸਾਰੰਗੀ ਉੱਪਰ ਪ੍ਰੋ: ਸੁਖਵਿੰਦਰ ਸਿੰਘ ਨੇ ਸਾਥ ਦਿੱਤਾ | ਇਸ ਤੋਂ ਉਪਰੰਤ 17ਵਾਂ 'ਚੜਿ੍ਹਆ ਬਸੰਤ' ਕਵੀ ਦਰਬਾਰ ਕੌਮਾਂਤਰੀ ਨਾਰੀ ਦਿਵਸ ਨੂੰ ਸਮਰਪਿਤ ਕੀਤਾ, ਜਿਸ 'ਚ 14 ਪੰਜਾਬੀ ਕਵਿੱਤਰੀਆਂ ਨੇ ਨਾਰੀ ਅਨੁਭਵ ਦਾ ਪ੍ਰਗਟਾਵਾ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ | ਸੰਸਥਾ ਵਲੋਂ ਹਰ ਸਾਲ ਦਿੱਤਾ ਜਾਣ ਵਾਲਾ 'ਨਾਦ ਪ੍ਰਗਾਸੁ ਸ਼ਬਦ ਸਨਮਾਨ' ਇਸ ਵਾਰ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅਰਤਿੰਦਰ ਸੰਧੂ ਨੂੰ ਉਨ੍ਹਾਂ ਦੇ ਸਾਹਿਤਕ ਅਤੇ ਕਾਵਿਕ ਯੋਗਦਾਨ ਲਈ ਪ੍ਰਦਾਨ ਕੀਤਾ, ਜਿਸ 'ਚ 21000 ਦੀ ਨਗਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਤੇ ਕਿਤਾਬਾਂ ਦਾ ਸੈੱਟ ਸ਼ਾਮਿਲ ਸੀ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸੰਸਥਾ ਵਲੋਂ ਇਹ ਕਵੀ ਦਰਬਾਰ ਨਾਰੀ ਸ਼ਕਤੀ ਨੂੰ ਸਮਰਪਿਤ ਕੀਤਾ ਜਾਣਾ ਸ਼ਲਾਘਾਯੋਗ ਹੈ | ਇਸ ਕਵੀ ਦਰਬਾਰ ਦੀ ਪ੍ਰਧਾਨਗੀ ਕਰ ਰਹੇ ਡਾ. ਸੁਖਬੀਰ ਕੌਰ ਮਾਹਲ ਨੇ ਸੰਸਥਾ ਵਲੋਂ ਵਿੱਦਿਅਕ ਅਤੇ ਸਮਾਜਿਕ ਖੇਤਰ ਵਿਚ ਕੀਤੇ ਜਾਣ ਵਾਲੇ ਕਾਰਜਾਂ ਦੀ ਸ਼ਲਾਘਾ ਕੀਤੀ | ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਗੁਰਨਾਮ ਕੌਰ ਬੇਦੀ ਨੇ ਕਿਹਾ ਕਿ ਨਾਰੀ ਸ਼ਸ਼ਕਤੀਕਰਨ ਨੂੰ ਇਕ ਮਰਿਆਦਾ ਵਿਚ ਵੀ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਸਿਰਫ ਰਾਜਨੀਤਿਕ ਨਾਅਰਾ ਬਣਨ ਦੀ ਥਾਂ ਨਾਰੀ ਦੀ ਸ਼ਕਤੀ ਦੀਆਂ ਸੰਭਾਵਨਾਵਾਂ ਦੀ ਠੀਕ ਵਿਹਾਰਕਤਾ ਸਿਰਜ ਸਕੇ | ਕਵੀ ਦਰਬਾਰ ਤੋਂ ਬਾਅਦ ਤੀਸਰੇ ਸਮਾਗਮ ਵਿਚ 'ਫੈਰੋ ਫਲੂਇਡ ਸੰਗੀਤਕ ਗਰੁੱਪ' ਨੇ ਪੰਜਾਬੀ ਰਹਿਤਲ ਦੀ ਨੁਮਾਇੰਦਗੀ ਕਰਦੀ ਕਲਾਸਿਕ ਤੇ ਸੂਫ਼ੀ ਸਾਹਿਤਕ ਪਰੰਪਰਾ ਤੇ ਅਧਾਰਿਤ ਪੇਸ਼ਕਾਰੀ ਦਿੱਤੀ | ਜਿਸ ਵਿਚ ਚਾਰ ਕਲਾਕਾਰਾਂ ਨੇ ਭਗਤੀ, ਗੁਰਮਤਿ ਤੇ ਸੂਫ਼ੀਆਂ ਦੇ ਕਲਾਮ ਨਾਲ ਹਾਜ਼ਰ ਸਰੋਤਿਆਂ ਨੂੰ ਝੂਮਣ ਲਾ ਦਿੱਤਾ | ਇਨ੍ਹਾਂ ਸਮਾਗਮਾਂ ਵਿਚ ਦੌਰਾਨ ਸੰਚਾਲਕ ਦੀ ਭੂਮਿਕਾ ਡਾ. ਜਸਦੀਪ ਕੌਰ ਤੇ ਡਾ. ਕੁਲਵਿੰਦਰ ਸਿੰਘ ਵਲੋਂ ਨਿਭਾਈ ਗਈ ਅਤੇ ਇਨ੍ਹਾਂ ਵਿਚ ਪੰਜਾਬ ਤੋਂ ਇਲਾਵਾ ਭਾਰਤ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਤੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਭਾਗ ਲਿਆ |