ਅੰਮਿ੍ਤਸਰ, 9 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ 25 ਮੀਟਰ ਅਤੇ 50 ਮੀਟਰ ਸ਼ੂਟਿੰਗ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ 202526 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਬਾਜੀ ਮਾਰੀ ਹੈ | ਇਸ ਚੈਂਪੀਅਨਸ਼ਿਪ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 71 ਤੋਂ ਵੱਧ ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਲਗਭਗ 350 ਸ਼ੂਟਰਾਂ ਨੇ ਆਪਣਾ ਹੁਨਰ ਦਿਖਾਇਆ | ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 25 ਮੀਟਰ ਅਤੇ 50 ਮੀਟਰ ਇਵੈਂਟਾਂ ਵਿਚ ਪੁਰਸ਼ ਅਤੇ ਮਹਿਲਾ ਦੋਹਾਂ ਵਰਗਾਂ 'ਚ ਓਵਰਆਲ ਜਨਰਲ ਚੈਂਪੀਅਨਸ਼ਿਪ ਟ੍ਰਾਫੀ ਆਪਣੇ ਨਾਮ ਕੀਤੀ | ਪੁਰਸ਼ ਵਰਗ 'ਚ ਗੁਰੂ ਨਾਨਕ ਦੇਵ 'ਵਰਸਿਟੀ ਨੇ ਪਹਿਲਾ, ਜਦਕਿ ਦੂਜੇ ਸਥਾਨ 'ਤੇ ਲਵਲੀ ਪ੍ਰੋਫੈੈਸ਼ਨਲ ਯੂਨੀਵਰਸਿਟੀ, ਫਗਵਾੜਾ ਅਤੇ ਤੀਜੇ ਸਥਾਨ 'ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਰਹੀ | ਇਸ ਪ੍ਰਕਾਰ ਹੀ ਮਹਿਲਾ ਵਰਗ 'ਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੇਤੂ ਬਣਦਿਆਂ ਪਹਿਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦੂਜਾ ਅਤੇ ਸਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸ ਦੌਰਾਨ ਅੰਤਰਰਾਸ਼ਟਰੀ ਸ਼ੂਟਰ ਐਸ਼ਵਰਿਆ ਪ੍ਰਤਾਪ ਸਿੰਘ ਨੇ 50 ਮੀਟਰ ਪ੍ਰੋਨ ਪੁਰਸ਼ ਵਰਗ 'ਚ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਦਿਆਂ ਨਵਾਂ ਮਾਪਦੰਡ ਸਥਾਪਤ ਕੀਤਾ | ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਪ੍ਰਸਿੱਧ ਅੰਤਰਰਾਸ਼ਟਰੀ ਸ਼ੂਟਰਾਂ ਸਿਫਤ ਕੌਰ ਸਮਰਾ, ਆਸ਼ੀ ਚੌਕਸੀ ਅਤੇ ਐਦਰੀਯਨ ਕਰਮਾਕਰ ਨੇ ਵੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦੀ ਸ਼ਾਨ ਵਿਚ ਵਾਧਾ ਕੀਤਾ | 'ਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਖਿਡਾਰੀਆਂ ਅਤੇ ਕੋਚਿੰਗ ਸਟਾਫ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਡਾਇਰੈਕਟਰ ਖੇਡਾਂ ਡਾ. ਕੰਵਰ ਮਨਦੀਪ ਸਿੰਘ ਨੇ ਵੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਉਪ ਕੁਲਪਤੀ, ਰਜਿਸਟਰਾਰ, ਡੀਨ ਅਕਾਦਮਿਕ ਮਾਮਲੇ ਅਤੇ ਡੀਨ ਵਿਦਿਆਰਥੀ ਭਲਾਈ ਦਾ ਖਾਸ ਧੰਨਵਾਦ ਕੀਤਾ |