ਅੰਮ੍ਰਿਤਸਰ, 9 ਮਾਰਚ (ਰੇਸ਼ਮ ਸਿੰਘ)-ਥਾਣਾ ਮਕਬੂਲਪੁਰਾ ਦੀ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨਾਂ ਪਾਸੋਂ ਲੁੱਟਾਂ ਖੋਹਾਂ ਦੀ ਵਾਰਦਾਤ ਲਈ ਵਰਤਿਆ ਮੋਟਰਸਾਇਕਲ , ਲੋਹੇ ਦਾ ਦਾਤਰ ਤੇ ਖਿਡਾਉਣਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਇਹ ਪ੍ਰਗਟਾਵਾ ਅੱਜ ਇਥੇ ਏ.ਡੀ.ਸੀ.ਪੀ. ਹਰਪਾਲ ਸਿੰਘ ਨੇ ਕਰਦਿਆਂ ਦਸਿਆ ਕਿ ਗ੍ਰਿਫਤਾਰ ਕੀਤੇ ਕਥਿਤ ਮੁਲਜ਼ਮਾਂ ਦੀ ਸ਼ਨਾਖਤ ਸ਼ਮਸ਼ੇਰ ਸਿੰਘ ਉਰਫ ਸ਼ੈਰੀ, ਹਰਪ੍ਰੀਤ ਸਿੰਘ ਉਰਫ ਹੈਪੀ ਦੋਵੇਂ ਵਾਸੀਆਂ ਮਕਬੂਲਪੁਰਾ ਤੇ ਧਰਮਵੀਰ ਸਿੰਘ ਉਰਫ ਹੱਡੀ ਵਾਸੀ ਗਲੀ ਨੰਬਰ 2 ਜਵਾਹਰ ਨਗਰ ਵਜੋਂ ਹੋਈ ਹੈ। ਗ੍ਰਿਫ਼ਤਾਰ ਤਿੰਨਾਂ ਮੁਲਜ਼ਮਾਂ ਦੇ ਖਿਲਾਫ਼ ਪਹਿਲਾਂ ਡਕੈਤੀ, ਕਿਡਨੈਪਿੰਗ, ਲੜਾਈ ਝਗੜੇ, ਅਸਲਾ ਐਕਟ, ਐਨ.ਡੀ.ਪੀ.ਐੱਸ ਐਕਟ ਅਧੀਨ 7 ਮੁਕੱਦਮੇ ਦਰਜ ਹਨ। ਉਨਾਂ ਦਸਿਆ ਕਿ ਰਾਹੁਲ ਕੁਮਾਰ ਚੌਧਰੀ ਵਾਸੀ ਮੁੱਜਫਰਪੁਰ ਬਿਹਾਰ ਹਾਲ ਦਸਮੇਸ਼ ਐਵੀਨਿਊ ਨੇ ਦਸਿਆ ਕਿ ਬੀਤੇ ਦਿਨੀਂ ਸਵੇਰੇ 4 ਵਜੇ ਦੇ ਕਰੀਬ ਮੋੜ ਰਜਿੰਦਰ ਨਗਰ ਅੰਮ੍ਰਿਤਸਰ ਲਾਗੋਂ ਤਿੰਨ ਨਾਮਲੂਮ ਵਿਅਕਤੀਆ ਵਲੋਂ ਉਸਦਾ ਮੋਟਰਸਾਇਕਲ ਨੰਬਰ ਸਪਲੈਂਡਰ ਰੰਗ ਕਾਲਾ ਅਤੇ ਮੋਬਾਇਲ ਫੋਨ ਤੇ 4 ਹਜ਼ਾਰ ਨਕਦੀ ਖੋਹ ਲਈ ਸੀ। ਜਿਸ ਉਪਰੰਤ ਪੁਲਿਸ ਵਲੋਂ ਮਕਬੂਲਪੁਰਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਕੇ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ। ਇਸ ਮੌਕੇ ਏ.ਸੀ.ਪੀ. ਅਨੁਭਵ ਜੈਨ, ਇੰਸ: ਜਸਜੀਤ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਥਾਣਾ ਮਕਬੂਲਪੁਰਾ ਦੀ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼-3 ਕਾਬੂ
ਅਜੀਤ ਡੈਸਕ
10-03-2026