ਰਾਮ ਤੀਰਥ, 28 ਮਾਰਚ (ਧਰਵਿੰਦਰ ਸਿੰਘ ਔਲਖ)-ਪਿੰਡ ਕਲੇਰ ਦੇ ਸਰਪੰਚ ਗੁਰਮੁਖ ਸਿੰਘ ਨੇ ਵਾਲਮੀਕਿ ਸਮਾਜ ਦੇ ਕੁਝ ਆਗੂਆਂ 'ਤੇ ਉਸ ਨੂੰ ਡਰਾ ਧਮਕਾ ਕੇ, ਉਸ ਕੋਲੋਂ 5 ਲੱਖ ਰੁਪਏ ਮੰਗਣ ਦੇ ਦੋਸ਼ ਲਾਏ ਹਨ | ਪਿੰਡ ਕਲੇਰ ਵਿਖੇ ਆਪਣੇ ਕੁਝ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਕਲੇਰ ਨੇ ਕਿਹਾ ਕਿ ਇੱਕ ਵਿਅਕਤੀ ਰਣਜੀਤ ਸਿੰਘ ਪੰਚਾਇਤੀ ਜ਼ਮੀਨ 'ਤੇ ਕਾਬਜ਼ ਹੈ ਅਤੇ ਉਨ੍ਹਾਂ ਵਲੋਂ ਉਸ ਦੇ ਖਿਲਾਫ ਦਰਖਾਸਤਾਂ ਦਿੱਤੀਆਂ ਹੋਈਆਂ ਹਨ | ਰਣਜੀਤ ਸਿੰਘ ਨੇ ਵਾਲਮੀਕਿ ਸਮਾਜ ਦੇ ਕੁਝ ਆਗੂਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਕੋਲੋਂ ਉਸ ਦੇ ਖਿਲਾਫ ਗੰਭੀਰ ਦੋਸ਼ ਲਗਵਾਏ ਹਨ ਅਤੇ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ | ਸਰਪੰਚ ਗੁਰਮੁਖ ਸਿੰਘ ਨੇ ਦੱਸਿਆ ਕਿ ਵਾਲਮੀਕਿ ਆਗੂਆਂ ਨੇ ਉਨ੍ਹਾਂ ਨੂੰ ਮੀਕੇ ਸ਼ਾਹ ਕਾਲੋਨੀ ਵਿਚ ਜੁਗਰਾਜ ਸਿੰਘ ਦੇ ਘਰ ਬੁਲਾਇਆ ਸੀ ਅਤੇ ਉਨ੍ਹਾਂ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਨਾਲ ਹੀ ਇਹ ਧਮਕੀ ਦਿੱਤੀ ਸੀ ਕਿ ਜੇ ਉਨ੍ਹਾਂ ਨੂੰ 5 ਲੱਖ ਰੁਪਏ ਨਾ ਦਿੱਤੇ ਗਏ ਤਾਂ ਉਹ ਪੰਚਾਇਤ ਸਕੱਤਰ, ਸਰਪੰਚ ਤੇ ਉਸ ਦੇ ਪੁੱਤਰ ਸੁਖਚੈਨ ਸਿੰਘ ਦੇ ਖਿਲਾਫ ਪਰਚਾ ਦਰਜ ਕਰਵਾਉਣਗੇ | ਵਾਲਮੀਕਿ ਆਗੂਆਂ ਨੇ ਦੋਸ਼ ਲਾਇਆ ਸੀ ਕਿ ਸਰਪੰਚ ਗੁਰਮੁਖ ਸਿੰਘ ਨਰੇਗਾ ਦੇ ਪੈਸੇ ਆਪਣੇ ਪੁੱਤਰ ਦੇ ਖਾਤੇ ਵਿਚ ਪਾਉਂਦਾ ਰਿਹਾ ਹੈ, ਜਦ ਕਿ ਉਹ ਜਨਰਲ ਕੈਟਾਗਰੀ ਨਾਲ ਸੰਬੰਧਿਤ ਹਨ | ਇਸ ਸੰਬੰਧੀ ਸਰਪੰਚ ਕਲੇਰ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਅਤੇ ਬਾਬਾ ਰਾਜਪਾਲ ਸਿੰਘ ਬੇਟ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਇਸ ਕਰਕੇ ਉਨ੍ਹਾਂ ਦੇ ਖਾਤੇ 'ਚ ਪੈਸੇ ਪਾਏ ਗਏ ਹਨ | ਮਹਿਕਮੇ ਵਲੋਂ ਗਲਤੀ ਨਾਲ ਉਨ੍ਹਾਂ ਦੇ ਪੁੱਤਰ ਸੁਖਚੈਨ ਸਿੰਘ ਦੇ ਸਾਹਮਣੇ ਐੱਸ.ਸੀ. ਲਿਖ ਦਿੱਤਾ ਗਿਆ ਸੀ, ਜਿਸ ਨੂੰ ਠੀਕ ਕਰਵਾਉਣ ਵਾਸਤੇ ਉਨ੍ਹਾਂ ਨੇ 1.09.2025 ਨੂੰ ਦਰਖਾਸਤ ਦਿੱਤੀ ਹੋਈ ਹੈ | ਸਰਪੰਚ ਕਲੇਰ ਨੇ ਕਿਹਾ ਕਿ ਉਹ ਐੱਸ.ਐੱਸ.ਪੀ. (ਦਿਹਾਤੀ) ਨੂੰ ਮਿਲ ਕੇ ਵਾਲਮੀਕੀ ਆਗੂਆਂ ਦੇ ਖਿਲਾਫ ਪਰਚਾ ਦਰਜ ਕਰਵਾਉਣਗੇ, ਕਿਉਂਕਿ ਉਨ੍ਹਾਂ ਨੇ ਉਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ | ਸਰਪੰਚ ਗੁਰਮੁਖ ਸਿੰਘ ਨੇ ਅੱਗੇ ਕਿਹਾ ਕਿ ਉਨਾਂ ਨੂੰ ਰਣਜੀਤ ਸਿੰਘ ਅਤੇ ਉਸਦਾ ਪੁੱਤਰ ਮੇਜਰ ਸਿੰਘ ਮਰਵਾਉਣਾ ਚਾਹੁੰਦੇ ਹਨ, ਜੇਕਰ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਜੀਅ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਰਣਜੀਤ ਸਿੰਘ, ਮੇਜਰ ਸਿੰਘ ਅਤੇ ਉਕਤ ਵਾਲਮੀਕੀ ਆਗੂ ਹੋਣਗੇ | ਇਸ ਸੰਬੰਧ ਵਿਚ ਆਪਣਾ ਸਪਸ਼ਟੀਕਰਨ ਦਿੰਦਿਆਂ ਵਾਲਮੀਕਿ ਆਗੂ ਸਾਹਿਬ ਸਿੰਘ ਨੁਸ਼ਹਿਰਾ ਨੇ ਕਿਹਾ ਕਿ ਸਰਪੰਚ ਗੁਰਮੁਖ ਸਿੰਘ ਵਲੋਂ ਉਨ੍ਹਾਂ ਖਿਲਾਫ ਲਾਏ ਗਏ ਦੋਸ਼ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ | ਅਸਲੀਅਤ ਇਹ ਹੈ ਕਿ ਸਰਪੰਚ ਆਪਣੇ ਪੁੱਤਰ ਸੁਖਚੈਨ ਸਿੰਘ ਨੂੰ ਐੱਸ.ਸੀ. ਲਿਖਵਾ ਕੇ ਉਸ ਦੇ ਖਾਤੇ ਵਿਚ ਨਰੇਗਾ ਦੇ ਪੈਸੇ ਪਵਾਉਂਦਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਪੁਲਿਸ ਅਧਿਕਾਰੀਆਂ ਨੂੰ ਦਰਖਾਸਤਾਂ ਦੇ ਦਿੱਤੀਆਂ ਗਈਆਂ ਹਨ ਅਤੇ ਉਹ ਸਰਪੰਚ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਵਾਉਣਗੇ ਅਤੇ ਇਸ ਸੰਬੰਧ ਵਿਚ ਸੋਮਵਾਰ ਨੂੰ ਚੋਗਾਵਾਂ ਲੋਪੋਕੇ ਬੰਦ ਕਰਵਾਏ ਜਾਣਗੇ |