ਅੰਮਿ੍ਤਸਰ, 3 ਅ੍ਰਪੈਲ (ਰੇਸ਼ਮ ਸਿੰਘ)-ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਕਾਂਗਰਸ ਨੂੰ ਅਲਵਿਦਾ ਕਹੇ ਜਾਣ ਤੋਂ ਬਾਅਦ ਕਰੀਬ 2 ਮਹੀਨੇ ਬਾਅਦ ਅੱਜ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਇੱਥੇ ਆਪਣੇ ਘਰ ਪੁੱਜੇ, ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਵੀ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ | ਡਾ. ਸਿੱਧੂ ਦਾ ਘਰ ਇੱਥੇ ਹੌਲੀ ਸਿਟੀ ਵਿਖੇ ਹੈ ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦੇ ਹਨ | ਉਨ੍ਹਾਂ ਬੀਤੇ ਦਿਨੀਂ ਆਪਣੀ ਜਾਇਦਾਦ ਦੀ ਵੰਡ ਵੀ ਕੀਤੀ ਸੀ, ਜਿਸ ਮੁਤਾਬਕ ਸਥਾਨਕ ਘਰ ਆਪਣੀ ਧੀ ਨੂੰ ਦੇ ਦਿੱਤਾ ਸੀ | ਅੱਜ ਇੱਥੇ ਉਹ ਕੁਈਨਜ਼ ਰੋਡ ਨੇੜੇ ਕੂਪਰ ਰੋਡ ਸਥਿਤ ਗਿਆਨੀ ਚਾਹ ਵਾਲੇ ਦੀ ਦੁਕਾਨ 'ਤੇ ਪੁੱਜੇ ਅਤੇ ਇੱਥੇ ਪੁੱਜ ਕੇ ਚਾਹ ਦੀਆਂ ਚੁਸਕੀਆਂ ਲਈਆਂ ਤੇ ਕਚੌਰੀ ਖਾਧੀ | ਉੱਥੇ ਆਸ-ਪਾਸ ਬੈਠੇ ਪ੍ਰਸੰਸਕਾਂ ਨਾਲ ਵੀ ਹਲਕੀਆਂ ਫੁਲਕੀਆਂ ਗੱਲਾਂ-ਬਾਤਾਂ ਕੀਤੀਆਂ ਤੇ ਸੈਲਫੀਆਂ ਵੀ ਲਈਆਂ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਥੇ ਘਰ ਹੈ ਅਤੇ ਜਦੋਂ ਵੀ ਵੇਹਲ ਮਿਲਦੀ ਹੈ ਤਾਂ ਇੱਥੇ ਆ ਜਾਂਦੇ ਹਨ, ਇਥੇ ਆ ਕੇ ਸਕੂਨ ਮਿਲਦਾ ਹੈ ਅਤੇ ਇੱਥੇ ਦੀ ਚਾਹ ਉਨ੍ਹਾਂ ਦੀ ਮਨਪਸੰਦ ਹੈ | ਦੱਸਣਯੋਗ ਹੈ ਕਿ ਉਨ੍ਹਾਂ ਦੀ ਪਤਨੀ ਡਾ. ਸਿੱਧੂ ਦੇ ਕਾਂਗਰਸ ਛੱਡੇ ਜਾਣ ਉਪਰੰਤ ਲਗਪਗ ਸ: ਸਿੱਧੂ ਵੀ ਰਾਜਨੀਤੀ ਤੋਂ ਦੂਰ ਹਨ, ਜੋ ਮੁੰਬਈ ਵਿਖੇ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਤੋਂ ਇਲਾਵਾ ਆਈ.ਪੀ.ਐੱਲ. 'ਚ ਵੀ ਕੂਮੈਂਟਰੀ ਕਰਦੇ ਨਜ਼ਰ ਆਉਂਦੇ ਹਨ |