ਰਈਆ, 3 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਨਿੱਤ ਦਿਨ ਹੋ ਰਹੀਆਂ ਬੇਅਦਬੀਆਂ ਦੇ ਪਿਛੇ ਦੀ ਕਹਾਣੀ ਸਾਹਮਣੇ ਨਾ ਆਉਣ ਤੇ 'ਬੇਅਦਬੀਆਂ ਪਿਛੇ ਕੌਣ, ਕੀ ਹੈ ਸਾਜਿਸ਼' ਵਿਸ਼ੇ 'ਤੇ ਦਲ ਖਾਲਸਾ ਵਲੋਂ 5 ਅਪ੍ਰੈਲ ਐਤਵਾਰ ਨੂੰ ਰੈੱਡ ਰੋਜ ਹਾਲ ਫੇਰੂਮਾਨ ਰੋਡ ਰਈਆ ਵਿਖੇ ਸੈਮੀਨਾਰ ਕਰਾਇਆ ਜਾ ਰਿਹਾ ਹੈ | ਰਈਆ ਵਿਖੇ ਦੇਰ ਸ਼ਾਮ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੇ ਤੌਰ 'ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਟਾਂਡਾ, ਮਾ: ਕੁਲਵੰਤ ਸਿੰਘ ਫੇਰੂਮਾਨ, ਕੁਲਦੀਪ ਸਿੰਘ ਰਜਧਾਨ, ਅਰਪਾਲ ਸਿੰਘ ਅਤੇ ਬਾਬਾ ਰੇਸ਼ਮ ਸਿੰਘ ਨੇ ਦੱਸਿਆ ਕਿ ਇਸ ਵਿਚਾਰ ਚਰਚਾ ਵਿਚ ਦਲ ਖਾਲਸਾ ਦੇ ਸੀਨੀਅਰ ਆਗੂ ਤੇ ਹੋਰ ਪੰਥ ਹਿਤੈਸ਼ੀ ਬੁੱਧੀਜੀਵੀ ਪਹੁੰਚ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਜਿੰਨੀਆਂ ਵੀ ਬੇਅਦਬੀਆਂ ਦੇ ਕੇਸ ਹੋਏ ਹਨ ਉਨ੍ਹਾਂ ਵਿਚ ਕੁਝ ਘਟਨਾਵਾਂ ਦੇ ਦੋਸ਼ੀ ਫੜੇ ਵੀ ਗਏ ਹਨ ਪਰ ਅਜੇ ਤੱਕ ਇਨ੍ਹਾਂ ਦੇ ਪਿਛੇ ਦੀ ਸਾਜਿਸ਼ ਸਾਹਮਣੇ ਨਹੀਂ ਆਈ | ਹੁਣ ਪੰਜਾਬ ਸਰਕਾਰ ਵਲੋਂ ਇਸ ਤੇ ਸਖ਼ਤ ਕਾਨੂੰਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਸਾਰਿਆਂ ਵਿਸ਼ਿਆਂ 'ਤੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ |