ਚੌਕ ਮਹਿਤਾ, 3 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਜੰਡਿਆਲਾ ਗੁਰੂ ਵਿਧਾਨ ਸਭਾ ਖੇਤਰ ਦੇ ਨੰਗਲੀ ਤੋਂ ਨੰਗਲੀ ਨਿਹੰਗਾ ਰੋਡ 'ਤੇ ਖਲਚੀਆਂ ਡਰੇਨ ਉੱਤੇ ਬਣ ਰਹੇ ਕਰੋੜਾਂ ਰੁਪਏ ਦੀ ਲਾਗਤ ਵਾਲੇ ਦੋ ਸਪੈਨ ਪੁਲ ਦਾ ਕੰਮ ਬੰਦ ਹੋਣ ਅਤੇ ਲੰਬੀ ਦੇਰੀ ਦਾ ਸ਼ਿਕਾਰ ਹੋਣ ਕਾਰਨ ਇਲਾਕੇ ਦੇ ਲੋਕ ਪ੍ਰੇਸ਼ਾਨ ਹਨ | ਇਸ ਮਾਮਲੇ ਨੂੰ ਲੈ ਕੇ ਹੁਣ ਵਿਵਾਦ ਵੀ ਗਰਮਾ ਗਿਆ ਹੈ ਅਤੇ ਮੰਡੀ ਗੋਨੀਆਣਾ ਨਾਲ ਸੰਬੰਧਿਤ ਇਕ ਸ਼ਿਕਾਇਤਕਰਤਾ ਰਾਜਨ ਵਲੋਂ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ. ਐੱਸ.ਪੀ.ਬੀ. ਐਂਡ. ਆਰ) ਪੰਜਾਬ ਦੇ ਸਕੱਤਰ ਕੋਲ ਲਿਖਤੀ ਸ਼ਿਕਾਇਤ ਭੇਜ ਕੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ | ਸ਼ਿਕਾਇਤ ਵਿਚ ਦਰਸਾਇਆ ਗਿਆ ਹੈ ਕਿ ਉਕਤ ਪੁਲ ਦਾ ਕੰਮ ਇੱਕ ਅਜਿਹੀ ਏਜੰਸੀ ਨੂੰ ਅਲਾਟ ਕੀਤਾ ਗਿਆ ਹੈ ਜੋ ਨਿਰਧਾਰਿਤ ਮਾਪਦੰਡਾਂ ਅਨੁਸਾਰ ਯੋਗਤਾ ਪੂਰੀ ਨਹੀਂ ਕਰਦੀ | ਰਾਜਨ ਦੇ ਅਨੁਸਾਰ ਇਹ ਪ੍ਰੋਜੈਕਟ ਕਰੀਬ ਸਤੰਬਰ 2025 ਵਿਚ ਅਲਾਟ ਕੀਤਾ ਗਿਆ ਸੀ ਅਤੇ ਇਸ ਨੂੰ ਲਗਭਗ ਛੇ ਮਹੀਨੇ ਵਿਚ ਪੂਰਾ ਕੀਤਾ ਜਾਣਾ ਸੀ, ਪਰ ਕੰਮ ਬਹੁਤ ਦੇਰੀ ਨਾਲ ਸ਼ੁਰੂ ਹੋਇਆ ਅਤੇ ਮੌਜੂਦਾ ਸਮੇਂ ਤੱਕ ਲਗਭਗ ਬੰਦ ਵਰਗਾ ਪਿਆ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪੁਲ 'ਤੇ ਇੱਕ ਵੀ ਸਲੈਬ ਨਹੀਂ ਪਾਈ ਗਈ | ਦੂਜੇ ਪਾਸੇ ਇਸ ਦੇ ਨਾਲ ਹੀ ਕਿਸੇ ਹੋਰ ਕੰਪਨੀ ਨੂੰ ਦਿੱਤਾ ਗਿਆ ਮਿਲਦਾ-ਜੁਲਦਾ ਪੁਲ ਦਾ ਕੰਮ ਕਾਫੀ ਅੱਗੇ ਤੱਕ ਮੁਕੰਮਲ ਹੋ ਚੁੱਕਾ ਹੈ, ਜਿਸ ਨਾਲ ਮੌਜੂਦਾ ਕੰਮ ਦੀ ਹੌਲੀ ਗਤੀ ਅਤੇ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ | ਰਾਜਨ ਨੇ 2016 ਦੀ ਐਨਲਿਸਟਮੈਂਟ ਨੀਤੀ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਲਗਭਗ ਦੋ ਕਰੋੜ ਰੁਪਏ ਦੇ ਕੰਮ ਲਈ ਏਜੰਸੀ ਕੋਲ ਪਹਿਲਾ ਤਜਰਬਾ ਹੋਣਾ ਲਾਜ਼ਮੀ ਹੁੰਦਾ ਹੈ | ਨਿਯਮਾਂ ਅਨੁਸਾਰ ਕਿਸੇ ਏਜੰਸੀ ਕੋਲ ਘੱਟੋ-ਘੱਟ 40 ਲੱਖ ਦੇ 5 ਕੰਮ ਜਾਂ 60 ਲੱਖ ਦੇ 4 ਕੰਮ ਜਾਂ 80 ਲੱਖ ਦੇ 2 ਕੰਮ ਪੂਰੇ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ ਪਰ ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਸੰਬੰਧਿਤ ਏਜੰਸੀ ਇਨ੍ਹਾਂ 'ਚੋਂ ਕੋਈ ਵੀ ਮਾਪਦੰਡ ਪੂਰਾ ਨਹੀਂ ਕਰਦੀ, ਫਿਰ ਵੀ ਉਸ ਨੂੰ ਇਹ ਮਹੱਤਵਪੂਰਨ ਪੁਲ ਦਾ ਕੰਮ ਦੇ ਦਿੱਤਾ ਗਿਆ | ਉਕਤ ਮਾਮਲੇ ਸਬੰਧੀ ਇਕ ਸਰਕਾਰੀ ਅਧਿਕਾਰੀ ਨਾਲ ਗੱਲਬਾਤ ਦੌਰਾਨ ਉਸਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸੰਬੰਧਿਤ ਏਜੰਸੀ ਮਾਪਦੰਡਾਂ 'ਤੇ ਪੂਰੀ ਨਹੀਂ ਉਤਰਦੀ ਅਤੇ ਇਹ ਇਸ ਏਜੰਸੀ ਵਲੋਂ ਇਸ ਤਰ੍ਹਾਂ ਦਾ ਪਹਿਲਾ ਵੱਡਾ ਪੁਲ ਪ੍ਰਾਜੈਕਟ ਦੱਸਿਆ ਜਾ ਰਿਹਾ ਹੈ | ਸ਼ਿਕਾਇਤ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਉਕਤ ਏਜੰਸੀ ਵਲੋਂ ਪਹਿਲਾਂ ਕਿਸੇ ਪੁਲ ਨਿਰਮਾਣ ਕੰਮ ਨੂੰ ਪੂਰਾ ਕਰਨ ਬਾਰੇ ਕੋਈ ਸਪੱਸ਼ਟ ਰਿਕਾਰਡ ਸਾਹਮਣੇ ਨਹੀਂ ਆਉਂਦਾ, ਜਿਸ ਨਾਲ ਕੰਮ ਦੀ ਗੁਣਵੱਤਾ ਅਤੇ ਜਨਤਕ ਸੁਰੱਖਿਆ ਸਬੰਧੀ ਚਿੰਤਾਵਾਂ ਵਧ ਰਹੀਆਂ ਹਨ | ਸ਼ਿਕਾਇਤਕਰਤਾ ਰਾਜਨ ਨੇ ਮੰਗ ਕੀਤੀ ਹੈ ਕਿ ਵਿਭਾਗ ਖੁਦ ਇਸ ਪੂਰੇ ਮਾਮਲੇ ਦੀ ਜਾਂਚ ਕਰੇ ਅਤੇ ਇਹ ਪਤਾ ਲਗਾਇਆ ਜਾਵੇ ਕਿ ਸੰਬੰਧਿਤ ਏਜੰਸੀ ਨੇ ਕਿਹੜੇ ਦਸਤਾਵੇਜ਼ਾਂ ਦੇ ਆਧਾਰ 'ਤੇ ਯੋਗਤਾ ਹਾਸਿਲ ਕੀਤੀ ਅਤੇ ਉਸ ਨੂੰ ਇਹ ਠੇਕਾ ਕਿਵੇਂ ਮਿਲਿਆ | ਇਲਾਕੇ ਵਿਚ ਇਹ ਵੀ ਚਰਚਾ ਹੈ ਕਿ ਸੰਬੰਧਿਤ ਫਰਮ ਦੀ ਸ਼ਾਇਦ ਕਿਸੇ ਰਾਜਨੀਤਿਕ ਆਗੂ ਨਾਲ ਨੇੜਤਾ ਹੈ, ਜਿਸ ਕਰਕੇ ਇਸ ਨੂੰ ਇਹ ਠੇਕਾ ਮਿਲਿਆ ਹੋਵੇ | ਹਾਲਾਂਕਿ ਸ਼ਿਕਾਇਤਕਰਤਾ ਵਲੋਂ ਆਪਣੀ ਲਿਖਤੀ ਸ਼ਿਕਾਇਤ 'ਚ ਇਸ ਗੱਲ ਦਾ ਕੋਈ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ | ਅੰਤ ਵਿਚ ਮੰਗ ਕੀਤੀ ਗਈ ਹੈ ਕਿ ਜਾਂਚ ਪੂਰੀ ਹੋਣ ਤੱਕ ਕੰਮ ਦੀ ਪ੍ਰਗਤੀ ਅਤੇ ਭੁਗਤਾਨ ਪ੍ਰਕਿਰਿਆ 'ਤੇ ਨਿਗਰਾਨੀ ਰੱਖੀ ਜਾਵੇ ਤਾਂ ਜੋ ਜਨਤਕ ਧਨ ਅਤੇ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ |