ਅੰਮਿ੍ਤਸਰ, 6 ਅਪ੍ਰੈਲ (ਸੁਰਿੰਦਰ ਕੋਛੜ)-ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਅਤੇ ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ (ਐੱਚ. ਆਰ. ਸੀ. ਪੀ.) ਨੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੁਆਰਾ ਬਣਾਈ ਗਈ ਵਿਸ਼ੇਸ਼ ਪੁਲਿਸ ਫੋਰਸ ਦੁਆਰਾ ਫ਼ਰਜ਼ੀ ਮੁਕਾਬਲਿਆਂ 'ਚ 1,000 ਤੋਂ ਵੱਧ ਲੋਕਾਂ ਦੀਆਂ ਕੀਤੀਆਂ ਹੱਤਿਆਵਾਂ ਦੀ ਤੁਰੰਤ ਨਿਆਇਕ ਜਾਂਚ ਦੀ ਮੰਗ ਕੀਤੀ ਹੈ | ਐੱਚ. ਆਰ. ਸੀ. ਪੀ. ਦੇ ਇਕ ਅਧਿਕਾਰੀ ਦੇ ਅਨੁਸਾਰ ਪਿਛਲੇ ਸਾਲ ਦੌਰਾਨ ਪੰਜਾਬ ਦੇ ਅਪਰਾਧ ਨਿਯੰਤਰਨ ਵਿਭਾਗ (ਸੀ. ਸੀ. ਡੀ.) ਦੁਆਰਾ 1,000 ਤੋਂ ਵੱਧ ਸ਼ੱਕੀਆਂ ਨੂੰ ਝੂਠੇ ਮੁਕਾਬਲਿਆਂ 'ਚ ਮਾਰਿਆ ਗਿਆ ਅਤੇ ਹੁਣ ਇਹ ਮਾਮਲਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਸੀ. ਸੀ. ਡੀ. ਨੇ ਸਾਲ 2025 'ਚ ਲਹਿੰਦੇ ਪੰਜਾਬ ਵਿਚ 670 ਮੁਕਾਬਲੇ ਕੀਤੇ ਜਿਸ ਦੇ ਨਤੀਜੇ ਵਜੋਂ 924 ਸ਼ੱਕੀਆਂ ਦੀ ਮੌਤ ਹੋਈ, ਜਦੋਂ ਕਿ ਇਨ੍ਹਾਂ ਮੁਕਾਬਲਿਆਂ 'ਚ ਉਸੇ ਸਮੇਂ ਦੌਰਾਨ ਸਿਰਫ਼ ਦੋ ਪੁਲਿਸ ਅਧਿਕਾਰੀ ਮਾਰੇ ਗਏ | ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਸਾਲ ਇਹ ਗਿਣਤੀ 1,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ | ਦੂਜੇ ਪਾਸੇ, ਪੀ. ਟੀ. ਆਈ. ਨੇ ਕਿਹਾ ਕਿ ਮਰੀਅਮ ਨਵਾਜ਼ ਦਾ ਸੀ. ਸੀ. ਡੀ. ਸੂਬੇ 'ਚ ਕਿਸੇ ਵੀ ਸਮੇਂ ਕਿਸੇ ਨੂੰ ਵੀ ਪੂਰੀ ਸਜ਼ਾ ਤੋਂ ਬਿਨਾਂ ਮਾਰ ਸਕਦਾ ਹੈ, ਜਿਸ ਨਾਲ ਪਾਕਿਸਤਾਨ 'ਚ ਜੰਗਲ ਦਾ ਕਾਨੂੰਨ ਸਥਾਪਿਤ ਹੋ ਸਕਦਾ ਹੈ | ਦੱਸਣਯੋਗ ਹੈ ਕਿ ਮਰੀਅਮ ਨਵਾਜ਼ ਨੇ ਪਿਛਲੇ ਸਾਲ ਸੀ. ਸੀ. ਡੀ. ਦਾ ਗਠਨ ਕੀਤਾ ਸੀ, ਜਿਸ ਨੂੰ 13 ਕਰੋੜ ਲੋਕਾਂ ਦੇ ਸੂਬੇ 'ਚ ਅਪਰਾਧ ਦਰ ਨੂੰ ਘਟਾਉਣ ਦਾ ਕੰਮ ਸੌਂਪਿਆ ਗਿਆ ਸੀ | ਜਦਕਿ ਵਿਸ਼ੇਸ਼ ਪੁਲਿਸ ਫੋਰਸ ਨੇ ਪ੍ਰਭਾਵਿਤ ਪਰਿਵਾਰਾਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਹੈ | ਝੂਠੇ ਮੁਕਾਬਲਿਆਂ 'ਚ ਮਾਰੇ ਗਏ ਕੁਝ ਸ਼ੱਕੀ ਲੋਕਾਂ ਦੇ ਰਿਸ਼ਤੇਦਾਰਾਂ 'ਤੇ ਪੁਲਿਸ ਦੁਆਰਾ ਮਿ੍ਤਕਾਂ ਨੂੰ ਤੁਰੰਤ ਦਫ਼ਨਾਉਣ ਲਈ ਦਬਾਅ ਪਾਇਆ ਗਿਆ ਅਤੇ ਪੁਲਿਸ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਹੋਰ ਗੰਭੀਰ ਨੁਕਸਾਨ ਦੀ ਚਿਤਾਵਨੀ ਦਿੱਤੀ ਗਈ |
ਲਹਿੰਦੇ ਪੰਜਾਬ 'ਚ ਸੀ. ਸੀ. ਡੀ. ਦੁਆਰਾ 1,000 ਤੋਂ ਵੱਧ ਲੋਕਾਂ ਦੀ ਕੀਤੀ ਹੱਤਿਆ ਦਾ ਮਾਮਲਾ ਭਖਿਆ <br/>
ਅਜੀਤ ਡੈਸਕ
07-04-2026