ਅੰਮਿ੍ਤਸਰ, 6 ਅ੍ਰਪੈਲ (ਰੇਸ਼ਮ ਸਿੰਘ)- ਇਥੇ ਥਾਣਾ ਰਾਮ ਬਾਗ ਅਧੀਨ ਪੈਂਦੇ ਇਲਾਕੇ 'ਤੇ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਪੁਲ ਦੇ ਹੇਠਾਂ ਨਸ਼ੇ 'ਚ ਧੁੱਤ ਮੁੰਡੇ-ਕੁੁੜੀਆਂ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ 'ਚ ਆਈ ਹੈ, ਜਿਸ ਉਪਰੰਤ ਪੁਲਿਸ ਵਲੋਂ ਇਸ ਵੀਡੀਓ 'ਤੇ ਉਚਿਤ ਕਾਰਵਾਈ ਕੀਤੀ | ਇਸ ਤੋਂ ਪਹਿਲਾਂ 30 ਮਾਰਚ ਨੂੰ ਵੀ ਪੁਲਿਸ ਵਲੋਂ 2 ਕੁੜੀਆਂ ਤੇ ਇਕ ਲੜਕੇ ਨੂੰ ਨਸ਼ਾ ਛੁਡਾਊ ਕੇਂਦਰ ਵਿਖੇ ਭਰਤੀ ਕਰਵਾਇਆ ਗਿਆ ਹੈ ਜਦੋਂ ਕਿ 2 ਹੋਰਾਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਵੀਡੀਓ ਅਨੁਸਾਰ ਇਕ ਕੁੜੀ ਤੇ ਦੋ ਲੜਕੇ ਇਕ ਸਿੱਖ ਤੇ ਇਕ ਮੋਨਾ ਤਿੰਨੋਂ ਪਾਰਕਿੰਗ ਨੂੰ ਜਾਣ ਵਾਲੇ ਪੁੱਲ ਦੇ ਹੇਠਾਂ ਬੈਂਚ 'ਤੇ ਪਏ ਦਿਖਾਈ ਦੇ ਰਹੇ ਹਨ ਉਨ੍ਹਾਂ ਦੀਆਂ ਅੱਖਾਂ ਬੰਦ ਹਨ ਤੇ ਤਿੰਨੇ ਹੀ ਨੀਮ ਬੇਹੋਸ਼ੀ ਦੀ ਹਾਲਾਤ 'ਚ ਦਿਖ ਰਹੇ ਹਨ | ਜਦੋਂ ਕਿ ਆਸ-ਪਾਸ ਤੋਂ ਹੀ ਕਿਸੇ ਨੇ ਇਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ਕਾਰਨ ਪੁਲਿਸ ਤੇ ਪ੍ਰਸ਼ਾਸਨ ਨੂੰ ਨਮੋਸ਼ੀ ਝੱਲਣੀ ਪਈ ਹੈ | ਥਾਣਾ ਰਾਮ ਬਾਗ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਵੀਡੀਓ ਵਾਇਰਲ ਹੋਈ ਹੈ ਜਿਸ ਸੰਬੰਧੀ ਪੁਲਿਸ ਵਲੋਂ ਲੜਕੀ ਸਮੇਤ ਤਿੰਨਾਂ ਦੀ ਸ਼ਨਾਖਤ ਕਰ ਲਈ ਗਈ ਹੈ ਤੇ ਉਨ੍ਹਾਂ ਖ਼ਿਲਾਫ਼ ਨਸ਼ਾ ਰੋਕੂ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਇਸੇ ਤਰ੍ਹਾਂ ਏ.ਸੀ.ਪੀ. ਪੂਰਬੀ ਸ੍ਰੀ ਅਨੁਭਵ ਜੈਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਖੇਤਰ 'ਚ 2 ਕੁੜੀਆਂ ਤੇ ਇਕ ਲੜਕੇ ਨੂੰ ਨਸ਼ਾ ਛੁਡਾਊ ਕੇਂਦਰ ਵਿਖੇ ਭਰਤੀ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਨੇ ਸਖ਼ਤ ਮੁਹਿੰਮ ਚਲਾਈ ਹੈ ਅਤੇ ਇਸ ਖੇਤਰ ਦੇ ਆਲੇ ਦੁਆਲੇ ਪੁਲਿਸ ਦਾ ਸਖ਼ਤ ਪਹਿਰਾ ਤੇ ਗਸ਼ਤ ਵਧਾ ਦਿੱਤੀ ਗਈ ਹੈ |
ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਪੁਲ ਦੇ ਹੇਠਾਂ ਨਸ਼ੇ 'ਚ ਧੁੱਤ ਮੁੰਡੇ-ਕੁੜੀਆਂ ਦੀ ਇਕ ਹੋਰ ਵੀਡੀਓ ਵਾਇਰਲ <br/>
ਅਜੀਤ ਡੈਸਕ
07-04-2026