ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ 'ਚੋਂ ਗੁਜਰਦੀ ਇਤਿਹਾਸਕ ਅੱਪਰਬਾਰੀ ਦੁਆਬ ਨਹਿਰ ਮੌਜੂਦਾ ਸਮੇਂ 'ਚ ਪ੍ਰਸ਼ਾਸਨਿਕ ਅਣਗਹਿਲੀ ਅਤੇ ਜਨਤਕ ਲਾਪ੍ਰਵਾਹੀ ਕਾਰਨ ਇਕ 'ਕੂੜੇ ਦੇ ਡੰਪ' 'ਚ ਤਬਦੀਲ ਹੋ ਚੁੱਕੀ ਹੈ | ਸਾਫ਼ ਪਾਣੀ ਲਈ ਜਾਣੀ ਜਾਂਦੀ ਇਹ ਨਹਿਰ ਹੁਣ ਗੰਦਗੀ ਤੇ ਬਦਬੂ ਦਾ ਕੇਂਦਰ ਬਣਨ ਕਰਕੇ ਜਿਥੇ ਲੋਕਾਂ ਨੂੰ ਬਿਮਾਰੀਆਂ ਵੰਡਣ ਦਾ ਕੰਮ ਕਰ ਰਹੀ ਹੈ ਉਥੇ ਹੀ ਸਿਹਤ ਦੇ ਨਾਲ ਨਾਲ ਵਾਤਾਵਰਨ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ | ਅਜਿਹੇ ਮਾਹੌਲ 'ਚ ਰਾਹਗੀਰਾਂ ਦਾ ਇਥੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਅੰਮਿ੍ਤਸਰ 'ਚ ਦਾਖਲ ਹੁੰਦਿਆਂ ਹੀ ਤਾਰਾਂਵਾਲਾ ਪੁਲ ਤੇ ਸੁਲਤਾਨਵਿੰਡ ਰੋਡ ਬਿ੍ਜ ਨੇੜੇ ਨਹਿਰ ਦੇ ਸੁੱਕਣ ਕਾਰਨ ਇਥੇ ਕੂੜੇ ਦੇ ਵੱਡੇ ਢੇਰ ਸਾਫ਼ ਦਿਖਾਈ ਦੇ ਰਹੇ ਹਨ | ਲੋਕ ਅਕਸਰ ਘਰੇਲੂ ਕੂੜਾ, ਪਲਾਸਟਿਕ ਦੇ ਲਿਫ਼ਾਫ਼ੇ ਤੇ ਪੂਜਾ ਸਮੱਗਰੀ ਨਹਿਰ 'ਚ ਸੁੱਟ ਰਹੇ ਹਨ | ਨਹਿਰ 'ਚ ਸੜ ਰਹੇ ਕੂੜੇ ਤੇ ਇਕ ਥਾਂ ਜਮ੍ਹਾ ਹੋਏ ਗੰਦੇ ਪਾਣੀ ਕਾਰਨ ਆਲੇ-ਦੁਆਲੇ ਦੇ ਇਲਾਕਿਆਂ 'ਚ ਭਾਰੀ ਬਦਬੂ ਫੈਲੀ ਹੋਈ ਹੈ, ਜਿਸ ਨਾਲ ਰਾਹਗੀਰਾਂ ਤੇ ਖਾਸ ਕਰਕੇ ਨਹਿਰ ਦੇ ਦੋਵੇਂ ਪਾਸੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਗਈ ਸੈਰਗਾਹ ਵਿਖੇ ਸੈਰ ਕਰਨ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੰਮਿ੍ਤਸਰ ਪ੍ਰਸ਼ਾਸਨ ਨੇ ਇਸ ਨਹਿਰ ਦੇ ਇਕ ਹਿੱਸੇ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਵਿਕਸਿਤ ਕੀਤਾ ਹੈ | ਖਾਸ ਕਰਕੇ ਤਾਰਾਂਵਾਲਾ ਪੁਲ ਨੇੜੇ ਸਥਿਤ ਇਤਿਹਾਸਕ ਹਾਈਡ੍ਰੋਪਾਵਰ ਪਲਾਂਟ ਵਾਲੀ ਜਗ੍ਹਾ ਨੂੰ ਇਕ ਸੈਰ-ਸਪਾਟਾ ਕੇਂਦਰ ਬਣਾਇਆ ਗਿਆ ਹੈ, ਜਿਥੇ ਓਪਨ-ਏਅਰ ਜਿੰਮ, ਬੱਚਿਆਂ ਲਈ ਖੇਡ ਮੈਦਾਨ ਤੇ ਸੁੰਦਰ ਪਾਰਕ ਬਣਾਏ ਗਏ ਹਨ ਪਰ ਨਗਰ ਨਿਗਮ ਤੇ ਨਹਿਰੀ ਵਿਭਾਗ ਵਲੋਂ ਇਸ ਨਹਿਰ ਦੀ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਗੰਦਗੀ ਲਗਾਤਾਰ ਵਧ ਰਹੀ ਹੈ | ਹਾਲਾਂਕਿ, ਨਹਿਰ 'ਚ ਕੂੜਾ ਸੁੱਟਣ ਵਾਲਿਆਂ ਨੂੰ 50,000 ਰੁਪਏ ਜੁਰਮਾਨਾ ਕਰਨ ਦਾ ਨਿਯਮ ਵੀ ਹੈ, ਪਰ ਅਧਿਕਾਰੀਆਂ ਵਲੋਂ ਇਸ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਹੈ | ਪ੍ਰਸ਼ਾਸਨਿਕ ਅਣਗਹਿਲੀ ਦਾ ਖਮਿਆਜਾ ਲੋਕਾਂ ਨੂੰ ਬਿਮਾਰੀਆਂ ਦੇ ਰੂਪ 'ਚ ਭੁਗਤਣਾ ਪੈ ਰਿਹਾ ਹੈ | ਭਾਵੇਂ ਕਿ ਸਰਕਾਰੀ ਗ੍ਰਾਟਾਂ ਤੇ ਕੁਝ ਸਮਾਜਿਕ ਸੰਸਥਾਵਾਂ ਅਤੇ 'ਡੇਰਾ ਕਾਰ ਸੇਵਾ ਭੂਰੀ ਵਾਲੇ' ਆਦਿ ਵਲੰਟੀਅਰ ਨਹਿਰ ਦੀ ਸੁੰਦਰਤਾ ਅਤੇ ਸਫ਼ਾਈ ਲਈ ਕੋਸ਼ਿਸ਼ਾਂ ਵੀ ਕਰ ਰਹੇ ਹਨ, ਪਰ ਜਨਤਕ ਸਹਿਯੋਗ ਦੀ ਘਾਟ ਕਾਰਨ ਇਹ ਯਤਨ ਨਾਕਾਫ਼ੀ ਸਾਬਤ ਹੋ ਰਹੇ ਹਨ | ਇਹ ਨਹਿਰ ਨਾ ਸਿਰਫ਼ ਸਿੰਚਾਈ ਲਈ ਅਹਿਮ ਹੈ, ਸਗੋਂ ਹੁਣ ਸ਼ਹਿਰ ਲਈ ਨਹਿਰੀ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਦਾ ਮੁੱਖ ਸਰੋਤ ਵੀ ਹੈ, ਜਿਸ ਕਾਰਨ ਇਸ ਦੀ ਸਫ਼ਾਈ ਹੋਰ ਵੀ ਜ਼ਰੂਰੀ ਹੋ ਗਈ ਹੈ | ਅੱਪਰਬਾਰੀ ਦੁਆਬ ਨਹਿਰ ਦੀ ਇਤਿਹਾਸਿਕ ਮਹੱਤਤਾ ਬਹੁਤ ਡੂੰਘੀ ਹੈ, ਜੋ ਮੁਗ਼ਲ ਕਾਲ ਤੋਂ ਲੈ ਕੇ ਸਿੱਖ ਰਾਜ ਤੇ ਅੰਗਰੇਜ਼ੀ ਹਕੂਮਤ ਤੱਕ ਫੈਲੀ ਹੋਈ ਹੈ | ਇਹ ਨਹਿਰ ਨਾ ਸਿਰਫ਼ ਸਿੰਚਾਈ ਦਾ ਸਰੋਤ ਰਹੀ ਹੈ, ਸਗੋਂ ਪੰਜਾਬ ਦੇ ਧਾਰਮਿਕ ਅਤੇ ਸਮਾਜਿਕ ਇਤਿਹਾਸ ਦਾ ਵੀ ਅਹਿਮ ਹਿੱਸਾ ਹੈ | ਇਸ ਦੀ ਇਤਿਹਾਸਿਕ ਮਹੱਤਤਾ ਅਨੁਸਾਰ ਇਸ ਨਹਿਰ ਦੀ ਸ਼ੁਰੂਆਤ 17ਵੀਂ ਸਦੀ 'ਚ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਦੇ ਸਮੇਂ ਹੋਈ ਮੰਨੀ ਜਾਂਦੀ ਹੈ | ਉਸ ਸਮੇਂ ਇਸ ਨੂੰ 'ਹੰਸਲੀ ਨਹਿਰ' ਕਿਹਾ ਜਾਂਦਾ ਸੀ ਅਤੇ ਇਸ ਦਾ ਮੁੱਖ ਉਦੇਸ਼ ਲਾਹੌਰ ਦੇ ਪ੍ਰਸਿੱਧ ਸ਼ਾਲੀਮਾਰ ਬਾਗ਼ਾਂ ਨੂੰ ਪਾਣੀ ਪਹੁੰਚਾਉਣਾ ਸੀ | 19ਵੀਂ ਸਦੀ 'ਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨਹਿਰ ਦਾ ਵਿਸਥਾਰ ਕੀਤਾ | ਉਨ੍ਹਾਂ ਨੇ ਅੰਮਿ੍ਤਸਰ ਵੱਲ ਇਕ ਨਵੀਂ ਸ਼ਾਖਾ ਕੱਢੀ ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਪਾਣੀ ਦੀ ਨਿਰੰਤਰ ਸਪਲਾਈ ਯਕੀਨੀ ਬਣਾਈ ਜਾ ਸਕੇ | 1849 'ਚ ਪੰਜਾਬ 'ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਇਸ ਨੂੰ 'ਅੱਪਰਬਾਰੀ ਦੁਆਬ ਨਹਿਰ' ਦੇ ਨਾਂਅ ਹੇਠ ਮੁੜ ਵਿਕਸਿਤ ਕੀਤਾ ਗਿਆ | 1930 'ਚ ਅੰਗਰੇਜ਼ਾਂ ਨੇ ਇਸ ਨਹਿਰ 'ਤੇ ਇਕ ਹਾਈਡ੍ਰੋਪਾਵਰ ਪਲਾਂਟ ਸਥਾਪਿਤ ਕੀਤਾ, ਜਿਸ ਦੀ ਮਸ਼ੀਨਰੀ ਸਵਿਟਜ਼ਰਲੈਂਡ ਤੇ ਇੰਗਲੈਂਡ ਤੋਂ ਮੰਗਵਾਈ ਗਈ ਸੀ | ਇਹ ਪਲਾਂਟ ਅੰਮਿ੍ਤਸਰ ਸ਼ਹਿਰ ਨੂੰ ਬਿਜਲੀ ਸਪਲਾਈ ਕਰਦਾ ਸੀ | ਇਸ ਦੌਰਾਨ ਸਮਾਜ ਸੇਵੀ ਸੋਨੂੰ ਜੰਡਿਆਲਾ, ਰਣਧੀਰ ਸਿੰਘ, ਅੰਮਿ੍ਤਸਰ ਵਿਕਾਸ ਮੰਚ ਦੇ ਆਗੂ ਪਿ੍ੰ: ਕੁਲਵੰਤ ਸਿੰਘ ਅਣਖੀ, ਰਾਜਵਿੰਦਰ ਸਿੰਘ ਗਿੱਲ, ਜਸਪਾਲ ਸਿੰਘ, ਸੁਖਵਿੰਦਰ ਸਿੰਘ ਜੇਠੂਵਾਲ ਨੇ ਕਿਹਾ ਕਿ ਅੱਪਰ ਬਾਰੀ ਦੁਆਬ ਨਹਿਰ ਦੀ ਮੌਜੂਦਾ ਸਥਿਤੀ ਬਹੁਤ ਹੀ ਚਿੰਤਾਜਨਕ ਹੈ, ਜਿਸ ਨੂੰ ਸੁਧਾਰਨ ਲਈ ਲਗਾਤਾਰ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਇਹ ਨਹਿਰ ਜਿਥੇ ਇਤਿਹਾਸਕ ਮਹੱਤਤਾ ਰੱਖਦੀ ਹੈ ਉਥੇ ਹੀ ਇਸ ਦਾ ਪਾਣੀ ਲੋਕ ਖੇਤੀਬਾੜੀ ਅਤੇ ਪੀਣ ਲਈ ਵਰਤਿਆ ਜਾਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਕ ਪਾਸੇ ਨਹਿਰ ਦੇ ਆਸੇ-ਪਾਸੇ ਕਰੋੜਾਂ ਰੁਪਏ ਸੈਰਗਾਹ ਬਣਾਉਣ 'ਤੇ ਲਗਾ ਰਹੀ ਹੈ ਪਰ ਦੂਜੇ ਪਾਸੇ ਕੁਝ ਸਮਾਜ ਵਿਰੋਧੀ ਸੋਚ ਦੇ ਲੋਕਾਂ ਵਲੋਂ ਇਸ ਨਹਿਰ ਨੂੰ ਲਗਾਤਾਰ ਗੰਦਾ ਕਰਕੇ ਸਰਕਾਰੀ ਮਨਸੂਬਿਆਂ 'ਤੇ ਪਾਣੀ ਫੇਰਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਨਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਸਖਤੀ ਨਾਲ ਫੈਸਲੇ ਕਰੇ |
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਜਲ ਵਾਲੀ ਨਹਿਰ ਬਣੀ ਕੂੜੇ ਦਾ ਡੰਪ-ਬਦਬੂ ਮਾਰਦਾ ਪਾਣੀ, ਵੰਡ ਰਿਹਾ ਬਿਮਾਰੀਆਂ <br/>
ਅਜੀਤ ਡੈਸਕ
22-04-2026