ਅੰਮਿ੍ਤਸਰ, 24 ਅਪ੍ਰੈਲ (ਰੇਸ਼ਮ ਸਿੰਘ)-ਸ਼ਹਿਰ 'ਚ ਰਾਤ ਨੂੰ ਸਿਵਲ ਡਿਫੈਂਸ ਅਭਿਆਸ ਦੇ ਹਿੱਸੇ ਵਜੋਂ ਰਾਤ 8 ਵਜੇ ਤੋਂ ਸਾਢੇ 8 ਵਜੇ (ਅੱਧਾ ਘੰਟਾ) ਤੱਕ ਪਾਈਟੈਕਸ ਗਰਾਊਾਡ ਰਣਜੀਤ ਐਵੀਨਿਊ ਵਿਖੇ ਬਲੈਕਆਉਟ ਕੀਤਾ ਗਿਆ, ਜਿਸ ਦੌਰਾਨ ਉਸ ਖੇਤਰ ਦੀਆਂ ਲਾਈਟਾਂ ਬੰਦ ਰੱਖੀਆਂ ਗਈਆਂ | ਮੌਕ ਡਰਿਲ ਦੌਰਾਨ ਪੂਰੇ ਸ਼ਹਿਰ 'ਚ ਰਾਤ 8 ਵਜੇ ਖਤਰੇ ਦੇ ਘੁੱਗੂ (ਸਾਈਰਨ) ਵਜੇ ਅਤੇ ਮੌਕ ਡਰਿਲ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਵਲੰਟੀਅਰ ਤੌਰ 'ਤੇ ਵੀ ਲੋਕਾਂ ਨੇ ਆਪਣੇ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀਆਂ ਲਾਈਟਾਂ ਬੰਦ ਰੱਖੀਆਂ | ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਮੈਡਮ ਪ੍ਰਗਤੀ ਸੇਠੀ ਨੇ ਦੱਸਿਆ ਕਿ ਬਲੈਕ ਆਊਟ ਦੌਰਾਨ ਲਾਈਟਾਂ ਬੰਦ ਰੱਖਣ ਦਾ ਅਭਿਆਸ ਕੀਤਾ ਗਿਆ, ਜਿਸ ਵਿਚ ਬਿਜਲੀ ਵਿਭਾਗ ਦੇ ਨਾਲ ਨਾਲ ਲੋਕਾਂ ਨੇ ਵੀ ਸਹਿਯੋਗ ਦਿੱਤਾ | ਮੌਕ ਡਰਿਲ ਦੌਰਾਨ ਲੋਕਾਂ ਨੂੰ ਹਵਾਈ ਹਮਲੇ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਅਤੇ ਬਚਾਅ ਦੇ ਲਈ ਸਿਵਲ ਡਿਫੈਂਸ ਦੇ ਕਰਮਚਾਰੀਆਂ ਵਲੋਂ ਅਭਿਆਸ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਭਿਆਸ ਦਾ ਉਦੇਸ਼ ਸੰਭਾਵੀ ਹਵਾਈ ਹਮਲਿਆਂ ਜਾਂ ਯੁੱਧ ਵਰਗੀਆਂ ਸਥਿਤੀਆਂ ਦੌਰਾਨ ਐਮਰਜੈਂਸੀ ਪ੍ਰਤੀਕਿਰਿਆ ਲਈ ਵਸਨੀਕਾਂ ਨੂੰ ਤਿਆਰ ਕਰਨਾ ਸੀ | ਉਨ੍ਹਾਂ ਕਿਹਾ ਕਿ ਹਵਾਈ ਹਮਲਿਆਂ ਦੌਰਾਨ ਸੰਭਾਵੀ ਟਾਰਗੇਟ ਬਣਨ ਤੋਂ ਬਚਣ ਲਈ ਕਰੈਸ਼ ਬਲੈਕਆਉਟ ਇਕ ਮਹੱਤਵਪੂਰਨ ਐਮਰਜੈਂਸੀ ਉਪਾਅ ਸਮਝਿਆ ਜਾਂਦਾ ਹੈ | ਇਸ ਮੌਕੇ ਅਡੀਸ਼ਨਲ ਕੰਟਰੋਲ ਮਨਪ੍ਰੀਤ ਸਿੰਘ ਰੰਧਾਵਾ (ਜ਼ਿਲ੍ਹਾ ਕਮਾਂਡੈਂਟ) ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਦੇਸ਼ ਵਿਚ ਹਰੇਕ ਸਾਲ ਦੇ ਅਪ੍ਰੈਲ ਅਤੇ ਨਵੰਬਰ ਦੇ ਮਹੀਨੇ ਵਿਚ ਮੌਕ ਡਰਿਲ ਕਰਵਾਈ ਜਾਂਦੀ ਹੈ ਤਾਂ ਜੋ ਨਾਗਰਿਕਾਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਤਿਆਰ ਕੀਤਾ ਜਾ ਸਕੇ | ਇਸ ਮੌਕੇ ਜ਼ਿਲ੍ਹਾ ਮਾਲ ਅਫਸਰ ਨਵਕੀਰਤ ਸਿੰਘ ਰੰਧਾਵਾ, ਹਰਜਾਏ ਖੰਨਾ ਸਿਵਲ ਡਿਫੈਂਸ ਇੰਸਟਰਕਟਰ ਤੋਂ ਇਲਾਵਾ ਸਿਹਤ ਵਿਭਾਗ, ਪੁਲਿਸ ਵਿਭਾਗ, ਬਿਜਲੀ ਵਿਭਾਗ ਅਤੇ ਐਨ.ਸੀ.ਸੀ. ਦੇ ਵਿਦਿਆਰਥੀ ਵੀ ਸ਼ਾਮਲ ਸਨ |