ਅੰਮਿ੍ਤਸਰ, 24 ਅਪ੍ਰੈਲ (ਹਰਮਿੰਦਰ ਸਿੰਘ)-ਸ਼ਹਿਰ ਦੀ ਆਵਾਜਾਈ ਨੂੰ ਸਚਾਰੂ ਬਣਾਉਣ ਲਈ ਨਗਰ ਨਿਗਮ ਦੇ ਅਸਟੇਟ ਵਿਭਾਗ ਅਤੇ ਟਰੈਫਿਕ ਪੁਲਿਸ ਵਲੋਂ ਸਮੇਂ ਸਮੇਂ ਸੜਕਾਂ 'ਤੇ ਰੇਹੜੀਆਂ, ਫੜ੍ਹੀਆਂ ਦੇ ਰੂਪ 'ਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਂਦਾ ਹੈ | ਅੱਜ ਵੀ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ 'ਤੇ ਅਸਟੇਟ ਵਿਭਾਗ ਦੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਜਾ ਰਹੀ ਸੀ | ਇਸ ਕਾਰਵਾਈ ਦੌਰਾਨ ਨਿਗਮ ਦੀ ਟੀਮ ਜਿਸ 'ਚ ਇੰਸਪੈਕਟਰ ਪ੍ਰੀਤੀ ਚੌਹਾਨ, ਇੰਸਪੈਕਟਰ ਅਮਨ ਸ਼ਰਮਾ ਅਤੇ ਨਿਗਮ ਦੀ ਪੁਲਿਸ ਪਾਰਟੀ ਅਤੇ ਹੋਰ ਮੁਲਾਜ਼ਮ ਮੌਜੂਦ ਸੀ, ਵਲੋਂ ਸਿੰਕਦਰੀ ਗੇਟ ਤੋਂ ਹਾਥੀ ਗੇਟ ਤੱਕ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਸਨ | ਇਸ ਕਾਰਵਾਈ ਦੌਰਾਨ ਨਿਗਮ ਦੀ ਟੀਮ ਵਲੋਂ ਕੁਝ ਸਬਜ਼ੀ ਦੀਆਂ ਰੇਹੜੀਆਂ ਵਾਲਿਆਂ ਨੂੰ ਆਪਣਾ ਸਾਮਾਨ ਉਤਾਰ ਕੇ ਰੇਹੜੀਆਂ ਖਾਲੀ ਕਰਨ ਲਈ ਤਾਂ ਉਨ੍ਹਾਂ ਵਲੋਂ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ | ਇਸ ਕਾਰਵਾਈ ਦੌਰਾਨ ਇਕ ਰੇਹੜੀ ਵਾਲਾ ਸੜਕ ਦੇ ਵਿਚਕਾਰ ਲੇਟ ਗਿਆ ਅਤੇ ਇਕ ਰੇਹੜੀ ਵਾਲੇ ਨੂੰ ਆਪਣੀ ਸਬਜ਼ੀ ਸੜਕ ਦੀ ਜਗ੍ਹਾ ਤੇ ਖਿਲਾਰ ਕੇ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ | ਸਥਿਤੀ ਤਨਾਅ ਪੂਰਵਕ ਹੁੰਦੀ ਦੇਖ ਦੁਰਗਿਆਣਾ ਚੌਕੀ ਤੋਂ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ | ਇਸ ਦੌਰਾਨ ਕੁਝ ਰੇਹੜੀਆਂ ਵਾਲਿਆਂ ਨੇ ਪੁਲਿਸ ਦੀ ਪ੍ਰਵਾਹ ਨਾ ਕੀਤੀ ਅਤੇ ਉਨ੍ਹਾਂ ਨੇ ਰੇਹੜੀਆਂ ਹਟਾਉਣ ਤੋਂ ਮਨ੍ਹਾ ਕਰ ਦਿੱਤਾ | ਜਿਸ ਉਪਰੰਤ ਪੁਲਿਸ ਨੇ ਹਰਕਤ 'ਚ ਆ ਕੇ ਕੁਝ ਰੇਹੜੀਆਂ ਵਾਲਿਆਂ ਆਪਣੀ ਹਿਰਾਸਤ ਵਿਚ ਲੈ ਲਿਆ | ਜਿਨ੍ਹਾਂ ਨੂੰ ਬਾਅਦ ਵਿਚ ਕੁਝ ਸਿਆਸੀ ਲੋਕਾਂ ਦੀ ਦਖ਼ਲ ਅੰਦਾਜੀ ਤੋਂ ਛੱਡਿਆ ਗਿਆ |