ਅੰਮਿ੍ਤਸਰ, 9 ਮਈ (ਰੇਸ਼ਮ ਸਿੰਘ)-ਇਥੇ ਵਿਰਾਸਤੀ ਮਾਰਗ 'ਤੇ ਨਸ਼ੇ 'ਚ ਧੁੱਤ ਇਕ ਨੌਜਵਾਨ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਦੋਂ ਕਿ ਇਸ ਖੇਤਰ 'ਚ ਪਹਿਲਾਂ ਵੀ ਕਾਫੀ ਨੌਜਵਾਨ ਨਸ਼ਾ ਕਰਦੇ ਫੜੇ ਗਏ ਹਨ | ਹੁਣ ਸ਼ੋਸਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਦਿਸ ਰਿਹਾ ਨੌਜਵਾਨ ਨਸ਼ੇ 'ਚ ਲੜਖੜਾ ਰਿਹਾ ਹੈ ਉਸਦੀ ਸੁੱਧ ਬੁੱਧ ਗੁਆਚੀ ਹੋਈ ਤੇ ਠੀਕ ਤਰ੍ਹਾਂ ਉਸ ਤੋੋਂ ਆਪਣੇ ਪੈਰਾਂ 'ਤੇ ਤੁਰਿਆ ਵੀ ਨਹੀਂ ਜਾ ਰਿਹਾ | ਇਸ ਉਪਰੰਤ ਉਹ ਇਕ ਪੋਲ 'ਤੇ ਚੜਨ ਦੀ ਕੋਸ਼ਿਸ ਕਰ ਰਿਹਾ ਹੈ | ਇਹ ਘਟਨਾ ਬੀਤੇ ਦਿਨ ਦੀ ਹੈ ਜਦੋਂ ਕਿ ਇਸ ਸਟਰੀਟ 'ਤੇ ਕਾਫੀ ਪੁਲਿਸ ਮੁਲਾਜ਼ਮ ਹਰ ਵੇਲ੍ਹੇ ਮੌਜੁੂਦ ਰਹਿੰਦੇ ਹਨ | ਦੱਸਣਯੋਗ ਹੈ ਕਿ ਹੈਰੀਟੇਜ਼ ਮਾਰਗ ਤੋਂ ਰੋਜ਼ਾਨਾ ਹੀ ਦੇਸ਼ ਵਿਦੇਸ਼ ਤੋਂ ਪੁੱਜਦੇ ਲੱਖਾਂ ਸ਼ਰਧਾਲੂ ਤੇ ਸੈਲਾਨੀ ਮਰਦ ਤੇ ਔਰਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ ਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਨਾਲ ਉਨ੍ਹਾਂ ਦੇ ਮਨ੍ਹਾਂ 'ਤੇ ਵੀ ਠੇਸ ਪੁੱਜਦੀ ਹੈ | ਦੂਜੇ ਪਾਸੇ ਥਾਣਾ ਕੌਤਵਾਲੀ ਦੇ ਮੁਖੀ ਇੰਸ. ਹਰਮਨਪ੍ਰੀਤ ਸਿੰਘ ਨੇ ਦਸਿਆ ਕਿ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਹੈ ਜੋ ਕਿ ਬੱਬੂ ਵਾਸੀ ਯੂ.ਪੀ. ਦਾ ਹੈ ਅਤੇ ਇਹ ਸ਼ਰਾਬ ਪੀਣ ਦਾ ਆਦਿ ਹੈ ਜਿਸ ਖਿਲਾਫ ਜੁਰਮ ਰੋਕੂ ਕਾਰਵਾਈ ਕੀਤੀ ਗਈ ਹੈ |