ਅੰਮਿ੍ਤਸਰ, 14 ਮਈ (ਰਾਜੇਸ਼ ਕੁਮਾਰ ਸ਼ਰਮਾ)-ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਸੋਨੇ ਦੀ ਖ਼ਰੀਦ ਨੂੰ ਲੈ ਕੇ ਦਿੱਤੇ ਬਿਆਨ ਦੇ ਇਕ ਦਿਨ ਬਾਅਦ ਹੀ ਕੇਂਦਰ ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ 'ਚ ਵਾਧਾ ਕਰ ਦਿੱਤਾ ਹੈ | ਇਸ ਨਾਲ ਜਿੱਥੇ ਸੋਨੇ ਦੀਆਂ ਕੀਮਤਾਂ 'ਚ ਉਛਾਲ ਆਇਆ ਹੈ, ਉੱਥੇ ਹੀ ਕੰਮਕਾਜ ਘਟਣ ਨਾਲ ਦੁਕਾਨਦਾਰਾਂ ਤੇ ਕਾਰੀਗਰਾਂ ਨੂੰ ਵੀ ਰੋਜ਼ੀ ਰੋਟੀ ਦੀ ਚਿੰਤਾ ਸਤਾਉਣ ਲੱਗ ਪਈ | ਇਸ ਸੰਬੰਧੀ ਸਥਾਨਕ ਗੁਰੂ ਬਾਜ਼ਾਰ 'ਚ ਸੋਨੇ ਦੇ ਕਾਰੋਬਾਰੀ ਅਤੇ ਅਖਿਲ ਭਾਰਤੀਯ ਸਵਰਨਕਾਰ ਸੰਘ ਦੇ ਸਕੱਤਰ ਮਨਦੀਪ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਸੋਨੇ ਦੀ ਖ਼ਰੀਦ 'ਤੇ ਰੋਕ ਲਗਾਉਣ ਸੰਬੰਧੀ ਦਿੱਤੇ ਬਿਆਨ ਅਤੇ ਦਰਾਮਦ ਡਿਊਟੀ 6 ਤੋਂ 15 ਫ਼ੀਸਦੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਸਿੱਧਾ ਅਸਰ ਉਨਾਂ ਦੇ ਕਾਰੋਬਾਰ 'ਤੇ ਪਵੇਗਾ | ਉਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਬਿਆਨ ਦੇਣ ਤੋਂ ਪਹਿਲਾਂ ਸੋਨੇ ਦੇ ਵੱਡੇ ਕਾਰੋਬਾਰੀਆਂ 'ਤੇ ਲਗਾਮ ਲਗਾਉਣੀ ਚਾਹੀਦੀ ਹੈ ਨਾ ਕਿ ਛੋਟੇ ਦੁਕਾਨਦਾਰਾਂ ਨੂੰ ਉਜਾੜਣ ਦਾ ਕੰਮ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਨੂੰ ਸੋਨੇ 'ਤੇ ਵਧਾਈ ਦਰਾਮਦ ਡਿਊਟੀ ਨੂੰ ਵਾਪਸ ਲੈਣਾ ਚਾਹੀਦਾ ਹੈ ਤਾਂ ਜੋ ਸੋਨੇ ਦੇ ਕਾਰੋਬਾਰ 'ਚ ਤੇਜ਼ੀ ਆ ਸਕੇ | ਦੂਜੇ ਪਾਸੇ ਸੋਨੇ ਦੇ ਕਾਰੀਗਰ ਗਗਨਦੀਪ ਸਿੰਘ, ਗੌਤਮ, ਮੁਕੇਸ਼ ਕੁਮਾਰ, ਦੀਪਕ ਕੁਮਾਰ, ਵਿਸ਼ੂ ਆਦਿ ਨੇ ਦੱਸਿਆ ਕਿ ਪਹਿਲਾਂ ਹੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਅਸਮਾਨੇ ਚੜ੍ਹਣ ਨਾਲ ਕੰਮਕਾਜ ਘੱਟ ਹੈ, ਉਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਕ ਸਾਲ ਤੱਕ ਲੋਕਾਂ ਨੂੰ ਸੋਨਾ ਨਾ ਖ਼ਰੀਦਣ ਦੀ ਸਲਾਹ ਨੇ ਬਾਜ਼ਾਰ 'ਚ ਸੰਨਾਟਾ ਪਸਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਹ ਸਾਲਾਂ ਤੋਂ ਇਸ ਕੰਮ ਨਾਲ ਜੁੜੇ ਹਨ ਅਤੇ ਜੋ ਵੀ ਦਿਹਾੜੀ ਬਣਦੀ ਹੈ, ਉਸ ਨਾਲ ਆਪਣਾ ਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਬਾਜ਼ਾਰ 'ਚ ਦੁਕਾਨਾਂ 'ਤੇ ਗਾਹਕ ਹੀ ਨਹੀਂ ਹੋਵੇਗਾ ਤਾਂ ਉਨਾਂ ਨਾਲ ਜੁੜੇ ਕਾਰੀਗਰਾਂ ਦੀ ਰੋਜ਼ੀ ਰੋਟੀ ਕਿਸ ਤਰ੍ਹਾਂ ਚੱਲੇਗੀ? ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸੋਨੇ 'ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਸ ਕਾਰੋਬਾਰ ਨਾਲ ਜੁੜੇ ਦੁਕਾਨਦਾਰਾਂ ਤੇ ਕਾਰਗੀਰਾਂ ਦੇ ਪਰਿਵਾਰਾਂ ਦਾ ਵੀ ਸੋਚਿਆ ਜਾਵੇ |