ਅੰਮਿ੍ਤਸਰ, 28 ਮਈ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਨੇ ਵਿਰਾਸਤੀ ਮਾਰਗ ਵਿਚ ਲਗਾਤਾਰ ਹੋ ਰਹੀ ਸੀਵਰੇਜ ਲੀਕ ਅਤੇ ਅਧਿਕਾਰੀਆਂ ਵਲੋਂ ਦੁਕਾਨਦਾਰਾਂ ਨਾਲ ਕੀਤੇ ਜਾ ਰਹੇ ਗ਼ਲਤ ਵਿਵਹਾਰ 'ਤੇ ਗੰਭੀਰ ਚਿੰਤਾ ਜਤਾਈ ਹੈ | ਉਨ੍ਹਾਂ ਕਿਹਾ ਕਿ ਜਲਿ੍ਹਆਂਵਾਲਾ ਬਾਗ ਸ਼ਾਪਕੀਪਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਲਾਕੇ ਵਿਚ ਸੀਵਰੇਜ ਦੀ ਸਮੱਸਿਆ ਕਾਰਨ ਕਾਰੋਬਾਰ ਬਹੁਤ ਪ੍ਰਭਾਵਿਤ ਹੋ ਰਿਹਾ ਹੈ, ਪਰ ਸੰਬੰਧਿਤ ਅਧਿਕਾਰੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਦੁਕਾਨਦਾਰਾਂ ਨਾਲ ਬਦਸਲੂਕੀ ਕਰ ਰਹੇ ਹਨ | ਅੱਜ ਆਪਣੇ ਘਰ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਸੀ੍ਰ ਸੋਨੀ ਨੇ ਕਿਹਾ ਕਿ ਵਿਰਾਸਤੀ ਮਾਰਗ ਵਿਚ ਸੀਵਰੇਜ ਦਾ ਗੰਦਾ ਪਾਣੀ ਸੜਕਾਂ 'ਤੇ ਖੜ੍ਹਾ ਰਹਿਣ ਕਾਰਨ ਦੁਕਾਨਦਾਰਾਂ, ਸਥਾਨਕ ਨਿਵਾਸੀਆਂ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਦਬੂ ਅਤੇ ਗੰਦਗੀ ਕਾਰਨ ਇਲਾਕੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ ਅਤੇ ਦੁਕਾਨਾਂ 'ਤੇ ਆਉਣ ਵਾਲੇ ਗਾਹਕਾਂ ਦੀ ਗਿਣਤੀ ਵੀ ਘੱਟ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਤੁਰੰਤ ਇਸ ਸਮੱਸਿਆ ਦਾ ਪੱਕਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਇਸ ਮੌਕੇ ਜਲਿ੍ਹਆਂਵਾਲਾ ਬਾਗ ਸ਼ਾਪਕੀਪਰ ਐਸੋਸੀਏਸ਼ਨ ਦੇ ਮੈਂਬਰ ਰਾਹੁਲ, ਵਿਸ਼ਾਲ, ਅਕਸ਼ਿਤ, ਕਾਲਾ, ਭਵਾਨੀ, ਰਿਤੇਸ਼, ਇਕਬਾਲ ਸਿੰਘ ਸ਼ੈਰੀ ਤੇ ਸੁਨੀਲ ਕੌਂਟੀ ਆਦਿ ਹਾਜ਼ਰ ਸਨ |