ਚੱਬਾ, 13 ਜੂਨ (ਜੱਸਾ ਅਨਜਾਣ)-ਪੁਲਿਸ ਥਾਣਾ ਚਾਟੀਵਿੰਡ ਦੇ ਖੇਤਰ ਵਿਚ ਆਉਂਦੇ ਪਿੰਡ ਚੱਬਾ ਦੇ ਕਿਸਾਨਾਂ ਦੀਆਂ ਬੰਬੀਆਂ ਤੋਂ ਬਿਜਲੀ ਦੀਆਂ ਤਾਰਾਂ ਤੇ ਸਟਾਟਰ ਚੋਰੀ ਹੋਣ ਤੇ ਪ੍ਰੇਸ਼ਾਨ ਕਿਸਾਨਾਂ ਨੇ ਵਿਚਾਰ ਵਟਾਂਦਰੇ ਲਈ ਗੁਰਦੁਆਰਾ ਬਾਬਾ ਨਾਂਗਾ ਚੱਬਾ ਵਿਖੇ ਇੱਕਤਰਤਾ ਕੀਤੀ, ਜਿਸ ‘ਚ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਕੱਤਰਤਾ ਉਪਰੰਤ ਕਿਸਾਨਾਂ ਨੇ ਕਿਹਾ ਕਿ ਚੱਬਾ ਸਮੇਤ ਨਾਲ ਲੱਗਦੇ ਪਿੰਡਾਂ ਵਿਚ ਆਏ ਦਿਨ ਹੀ ਬੰਬੀਆਂ ਉਤੋਂ ਮੋਟਰਾਂ ਦੇ ਸਟਾਟਰ ਤੇ ਮਹਿੰਗੀਆਂ ਬਿਜਲੀ ਵਾਲੀਆਂ ਤਾਰਾਂ ਚੋਰਾਂ ਵਲੋਂ ਚੋਰੀ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਪੁਲਿਸ ਵਲੋਂ ਕੋਈ ਕਾਰਵਾਈ ਨਾ ਹੋਣ ਤੇ ਚੋਰਾਂ ਦੇ ਹੌਸਲੇ ਬੁਲੰਦ ਹੋਏ ਪਏ ਹਨ। ਅਸੀਂ ਦਿਨੇ ਸਟਾਟਰ ਲਾ ਕੇ ਆਉਂਦੇ ਹਾਂ ਤੇ ਰਾਤ ਨੂੰ ਚੋਰਾਂ ਵਲੋਂ ਚੋਰੀ ਕੀਤਾ ਹੁੰਦਾ, ਜਿਸ ਕਾਰਨ ਅਸੀਂ ਬਹੁਤ ਪ੍ਰੇਸ਼ਾਨ ਹਾਂ। ਅਸੀਂ ਇਹ ਹੋ ਰਹੀਆਂ ਚੋਰੀਆਂ ਸੰਬੰਧੀ ਥਾਣਾ ਚਾਟੀਵਿੰਡ ਵਿਖੇ ਲਿਖ਼ਤੀ ਦਰਖ਼ਾਸਤ ਵੀ ਦਿੱਤੀ, ਪਰ ਕੋਈ ਕਾਰਵਾਈ ਨਹੀਂ ਹੋਈ। ਇੰਝ ਲੱਗਦਾ ਜਿਵੇਂ ਪੁਲਿਸ ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ ਹੋਇਆ ਹੈ। ਕਈ ਵਾਰ ਮੋਟਰਾਂ ਤੋਂ ਬਿਜਲੀ ਵਾਲੀਆਂ ਤਾਰਾਂ ਲਾਉਂਦੇ ਚੋਰਾਂ ਨੂੰ ਫੜ ਕੇ ਥਾਣੇ ਪੇਸ਼ ਕਰਵਾਇਆ ਪਰ ਚੋਰਾਂ ‘ਤੇ ਕੋਈ ਕਾਰਵਾਈ ਨਹੀਂ ਹੋਈ। ਅਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕਰਦੇ ਹਾਂ ਕਿ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾ ਦਿੱਤੀ ਜਾਵੇ। ਇਸ ਮੌਕੇ ਸਰਪੰਚ ਪ੍ਰਤਾਪ ਸਿੰਘ, ਹਰਪਾਲ ਸਿੰਘ ਪੰਚ, ਨਿਰਮਲਜੀਤ ਸਿੰਘ, ਦਿਲਬਾਗ ਸਿੰਘ ਡੇਅਰੀ ਵਾਲੇ, ਸਰਮੈਲ ਸਿੰਘ, ਬਲਵਿੰਦਰ ਸਿੰਘ, ਸਰਮੈਲ ਸਿੰਘ, ਬਲਦੇਵ ਸਿੰਘ, ਅਰਸ਼ਦੀਪ ਸਿੰਘ, ਜਗਰੂਪ ਸਿੰਘ, ਹੀਰਾ ਸਿੰਘ, ਰਣਜੀਤ ਸਿੰਘ, ਅਮਰਬੀਰ ਸਿੰਘ, ਜਰਮਨਦੀਪ ਸਿੰਘ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਪ੍ਰਭਜੀਤ ਸਿੰਘ, ਮਨਵਿੰਦਰ ਸਿੰਘ, ਵੀਰ ਸਿੰਘ, ਪ੍ਰਮਜੀਤ ਸਿੰਘ, ਕੁਲਵਿੰਦਰ ਸਿੰਘ ਤੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।