ਅੰਮ੍ਰਿਤਸਰ, 19 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਕਣਕ ਦੇ ਇਸ ਸੀਜ਼ਨ ਦੌਰਾਨ ਦਾਣਾ ਮੰਡੀ ਚੱਕ ਸਿਕੰਦਰ ‘ਚ ਕਣਕ ਖ਼ਰੀਦ ਵਿਚ ਮੰਡੀ ਬੋਰਡ ਨਾਲ ਕੀਤੇ ਗਏ ਕਥਿਤ ਘਪਲੇ ਵਿਚ ਦੋਸ਼ੀ ਆੜ੍ਹਤੀਏ ‘ਤੇ ਕਾਰਵਾਈ ਦੀ ਕਵਾਇਦ ਦੇ ਚਲਦੇ ਨਿਰਦੋਸ਼ ਕਿਸਾਨਾਂ ਦੇ ਬੈਂਕ ਖਾਤੇ ਵੀ ਫਰੀਜ਼ ਕਰ ਦਿੱਤੇ ਗਏ ਹਨ ਜੋ ਕਿ ਬਿਲਕੁਲ ਗਲਤ ਕਾਰਵਾਈ ਹੈ ਕਿਉਂਕਿ ਇਸ ਘਪਲੇ ਲਈ ਕਿਸਾਨ ਜ਼ਿੰਮੇਵਾਰ ਨਹੀਂ, ਸੋ ਮੰਡੀ ਬੋਰਡ ਇਸ ਕਾਰਵਾਈ ਨੂੰ ਵਾਪਸ ਲਵੇ ਅਤੇ ਕਿਸਾਨਾਂ ਦੇ ਖਾਤੇ ਵਾਪਿਸ ਡੀਫ੍ਰੀਜ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਮੰਡੀ ਬੋਰਡ ਨਾਲ ਸੰਬੰਧਤ ਜ਼ਮੀਨਾਂ ਤੇ ਹੋਰ ਸੰਪਤੀ ਜੋ ਕਿ ਜਨਤਕ ਜਾਇਦਾਦ ਹੈ, ਵੇਚਣ ਜਾਂ ਹੋਰ ਮਕਸਦ ਲਈ ਵਰਤਣ ਦੇ ਮਨਸੂਬੇ ਬਣਾ ਰਹੀ ਹੈ ਇਸਦਾ ਮੰਡੀ ਬੋਰਡ ਵਲੋਂ ਸਖਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਸਬਜ਼ੀ ਮੰਡੀ ਵਿਚ ਚਿਰਾਂ ਤੋਂ ਚੱਲ ਰਹੀ 49-51 ਦੀ ਰੇਸ਼ੋ ਦਾ ਤਰੀਕਾ ਕਿਸਾਨ ਦੀ ਲੁੱਟ ਦਾ ਸਾਧਨ ਬਣਿਆ ਹੋਇਆ, ਅਜਿਹਾ ਕਰਨ ਵਾਲੇ ਸਬਜ਼ੀ ਵਪਾਰੀਆਂ ਦੀ ਤਫਤੀਸ਼ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਬਜ਼ੀ ਮੰਡੀ ਵਿਚ ਫਸਲ ਲਿਜਾਣ ਮੌਕੇ ਵਰਤਿਆ ਜਾਣ ਵਾਲਾ ਬਾਰਦਾਨਾ ਕਿਸਾਨ ਖੁਦ ਖ਼ਰੀਦ ਕੇ ਲਿਆਉਂਦਾ ਹੈ, ਉਸ ਨੂੰ ਜਾਂ ਫ਼ਸਲ ਦੇ ਨਾਮ ਬਾਰਦਾਨੇ ਦਾ ਮੁੱਲ ਦਿੱਤਾ ਜਾਵੇ ਜਾਂ ਫਿਰ ਬਾਰਦਾਨਾ ਵਾਪਸ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪ੍ਰਸ਼ਾਸਨ ਵਲੋਂ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਖਾਦ ਦੀ ਭਾਰੀ ਘਾਟ ਕਾਰਨ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਨਾਲ ਇਕ ਮੀਟਿੰਗ ਕੀਤੀ ਗਈ ਹੈ ਪਰ ਇਸਦਾ ਕੋਈ ਵੀ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਇਸ ਕਾਰਨ 30 ਜੂਨ ਨੂੰ ਜ਼ਿਲ੍ਹਾ ਅੰਮ੍ਰਿਤਸਰ ਤੇ ਗੁਰਦਾਸਪੁਰ ਵਿਚ ਖੇਤੀਬਾੜੀ ਵਿਭਾਗ ਦੇ ਮੁੱਖ ਅਧਿਕਾਰੀਆਂ ਦੇ ਦਫ਼ਤਰਾਂ ਮੂਹਰੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਆਗੂ ਸਕੱਤਰ ਸਿੰਘ ਕੋਟਲਾ, ਕੰਧਾਰ ਸਿੰਘ ਭੋਏਵਾਲ, ਜਰਮਨਜੀਤ ਸਿੰਘ ਬੰਡਾਲਾ, ਗੁਰਬਚਨ ਸਿੰਘ ਚੱਬਾ, ਸੁਖਦੇਵ ਸਿੰਘ ਚਾਟੀਵਿੰਡ ਸਮੇਤ ਸੈਂਕੜੇ ਕਿਸਾਨ ਮਜ਼ਦੂਰ ਹਾਜ਼ਰ ਸਨ।