ਰਾਜਾਸਾਂਸੀ, 20 ਜੂਨ (ਹਰਦੀਪ ਸਿੰਘ ਖੀਵਾ)-ਵੋਟ ਲੋਕਤੰਤਰ ਵਿਚ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਪਰ ਭਾਜਪਾ ਨੇ ਚੋਣ ਢਾਂਚੇ ‘ਤੇ ਆਪਣਾ ਪ੍ਰਭਾਵ ਵਧਾਉਣ ਤੇ ਹਰ ਪੱਧਰ ‘ਤੇ ਰਾਜਨੀਤਿਕ ਬੜ੍ਹਤ ਬਣਾਉਣ ਲਈ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਵੋਟ ਪਾ ਰਹੇ ਲੋਕਾਂ ਨੂੰ ਮੁੜ ਆਪਣੇ ਅਧਿਕਾਰ ਸਾਬਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤ ਚੋਣ ਕਮਿਸ਼ਨ ਵਲੋਂ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ.ਆਈ.ਆਰ.) ਮੁਹਿੰਮ ਸਬੰਧੀ ਤੇ ਬੂਥ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਬੀ ਐਲ ਏ-2 ਤਹਿਤ ਇਕ ਵਿਸ਼ੇਸ਼ ਟ੍ਰੇਨਿੰਗ ਕੈਂਪ ਲਗਾਉਣ ਮੌਕੇ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਗੱਲਬਾਤ ਕਰਦਿਆਂ ਕੀਤਾ। ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਹੇਠ ਲਗਾਏ ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਟ੍ਰੇਨਿੰਗ ਕੈਂਪ ਦੇ ਜ਼ਿਲ੍ਹਾ ਕੋਆਰਡੀਨੇਟਰ ਮੌਂਟੀ ਸਹਿਗਲ ਵਲੋਂ ਸਮੂਹ ਬੀ ਐੱਲ ਏ-2 ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਈ ਗਈ। ਜ਼ਿਲ੍ਹਾ ਕੋਆਰਡੀਨੇਟਰ ਮੌਂਟੀ ਸਹਿਗਲ ਤੇ ਦਿਲਰਾਜ ਸਿੰਘ ਸਰਕਾਰੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਬੀ.ਐੱਲ.ਏ.-2 ਇਸ ਮੁਹਿੰਮ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਰ ਘਰ ਤੱਕ ਪਹੁੰਚ ਬਣਾਉਣ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਵੀ ਯੋਗ ਵੋਟਰ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾਉਣ ਤੋਂ ਵਾਂਝਾ ਨਾ ਰਹਿ ਜਾਵੇ। ਇਸ ਮੌਕੇ ਰਵੀ ਪੀ.ਏ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਇੰਦਰਪਾਲ ਸਿੰਘ ਲਾਲੀ, ਕਾਂਗਰਸ ਪਾਰਟੀ ਦੇ ਬਲਾਕ ਦੇ ਪ੍ਰਧਾਨ ਲਖਵਿੰਦਰ ਸਿੰਘ ਝੰਜੋਟੀ, ਰਾਜਾਸਾਂਸੀ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਜਸਪਾਲ ਸਿੰਘ ਭੱਟੀ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਸਿੰਦ ਛੀਨਾ, ਨਗਰ ਪੰਚਾਇਤ ਦੇ ਸੀ: ਮੀਤ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ, ਅੰਮ੍ਰਿਤਪਾਲ ਸਿੰਘ ਸੈਦੂਪੁਰ, ਹਰਪਾਲ ਸਿੰਘ ਤੋਲਾਨੰਗਲ, ਦਿਲਪ੍ਰੀਤ ਸਿੰਘ ਟੋਨੀ ਸਾਬਕਾ ਸਰਪੰਚ ਬੂਆਨੰਗਲੀ, ਸਾਬਕਾ ਸਰਪੰਚ ਮੰਗਲ ਸਿੰਘ ਸੈਦੂਪੁਰ, ਹਰਕੰਵਲਜੀਤ ਸਿੰਘ ਹੈਪੀ ਅਦਲੀਵਾਲਾ ਸਾਬਕਾ ਸਰਪੰਚ, ਕੁਲਦੀਪ ਸਿੰਘ ਛੀਨਾ ਸਾਬਕਾ ਸਰਪੰਚ, ਬਲਹਾਰ ਸਿੰਘ ਤੋਲਾਨੰਗਲ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।
ਜ਼ਿਲ੍ਹਾ ਕੋਆਰਡੀਨੇਟਰ ਮੌਂਟੀ ਸਹਿਗਲ ਵਲੋਂ ਹਲਕਾ ਰਾਜਾਸਾਂਸੀ ’ਚ ਬੀ ਐੱਲ ਏ-2 ਤਹਿਤ ਵਿਸ਼ੇਸ਼ ਟਰੇਨਿੰਗ ਕੈਂਪ
ਅਜੀਤ ਡੈਸਕ
21-06-2026