ਅੰਮ੍ਰਿਤਸਰ, 20 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)- ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਸਕੱਤਰ ਲਖਬੀਰ ਸਿੰਘ ਨਿਜਾਮਪੁਰ ਤੇ ਸਬਜ਼ੀ ਉਤਪਾਦਿਕ ਕਿਸਾਨ ਜਥੇਬੰਦੀ ਦੇ ਪ੍ਰਧਾਨ ਭੁਪਿੰਦਰ ਸਿੰਘ ਤੀਰਥਪੁਰ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਦਾ ਇਕ ਵਫ਼ਦ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਖਾਦਾਂ ਦੀ ਸਪਲਾਈ ਅਤੇ ਟੈਗਿੰਗ ਦੇ ਸੰਬੰਧ ‘ਚ ਮੁੱਖ ਖੇਤੀਬਾੜੀ ਅਫਸਰ ਅਮਰਜੀਤ ਸਿੰਘ ਅਤੇ ਖਾਦਾਂ ਨੂੰ ਡੀਲ ਕਰਨ ਵਾਲੇ ਏ. ਡੀ. �. ਪਰਜੀਤ ਸਿੰਘ ਨੂੰ ਖੇਤੀ ਭਵਨ ਰਣਜੀਤ ਐਵੀਨਿਊ ਵਿਖੇ ਮਿਲਿਆ। ਇਸ ਦੌਰਾਨ ਜਥੇਬੰਦੀ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਖਾਦਾਂ ਦੀ ਸਪਲਾਈ ਕਰਨ ਵਾਲੀਆਂ ਵੱਖ-ਵੱਖ ਫਰਮਾਂ ਵਲੋਂ ਪੈਸਟੀਸਾਈਡ ਡੀਲਰਾਂ ਨੂੰ ਖ਼ਾਦ ਦੀ ਸਪਲਾਈ ਨਾਲ ਗ਼ੈਰ ਜ਼ਰੂਰੀ ਸਮਾਨ ਟੈਗਿੰਗ ਕਰਨ ਅਤੇ ਪਿਛਲੇ ਸਮੇਂ ਜਥੇਬੰਦੀ ਵਲੋਂ ਖਾਦਾਂ ਦੀ ਗੈਰ ਖੇਤੀ ਕੰਮਾਂ ਲਈ ਜਾ ਰਹੇ ਫੜੇ ਟਰੱਕ ਅੰਦਰ 600/ ਬੋਰੀਆਂ ਯੂਰੀਆ ਖਾਦ ਸੰਬੰਧੀ ਮਕਬੂਲਪੁਰਾ ਥਾਣੇ ਅੰਦਰ ਦਰਜ ਐੱਫ. ਆਈ. ਆਰ. ਨੰਬਰ 181 ਮਿਤੀ 21/8/2025 ਦੇ ਦੋਸੀਆਂ ਖ਼ਿਲਾਫ਼ ਅੱਜ ਤੱਕ ਪੁਲਿਸ ਅਧਿਕਾਰੀਆਂ ਵਲੋਂ ਚਲਾਨ ਨਾ ਪੇਸ਼ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਬਰੀ ਟੈਗਿੰਗ ਕਰਨ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਵਿਸ਼ਵਾਸ਼ ਦਿਵਾਇਆ ਕਿ ਮਹਿਕਮਾ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਤੱਤਪਰ ਹੈ। ਕਿਸੇ ਵੀ ਵਿਅਕਤੀ ਜਾਂ ਫਰਮ ਨੂੰ ਖਾਦਾਂ ਦੀ ਸਪਲਾਈ ਨਾਲ ਟੈਗਿੰਗ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਮਹਿਕਮੇ ਦੀਆਂ ਟੀਮਾਂ ਨੂੰ ਇਸ ਸੰਬੰਧੀ ਸਖਤ ਕਾਰਵਾਈ ਕਰਨ ਲਈ ਤੁਰੰਤ ਹੁਕਮ ਜਾਰੀ ਕਰ ਦਿੱਤੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਦੇ ਬਾਵਜੂਦ ਵੀ ਕਿਸਾਨਾਂ ਨੂੰ ਖਾਦਾਂ ਦੀ ਸਪਲਾਈ ਸੰਬੰਧੀ ਕੋਈ ਸਮੱਸਿਆ ਆਵੇਗੀ ਤਾਂ ਜਥੇਬੰਦੀ ਤੁਰੰਤ ਸੰਘਰਸ਼ ਦਾ ਬਿਗਲ ਵਜਾਵੇਗੀ। ਕਿਸਾਨ ਆਗੂਆਂ ਨੇ ਖਾਦ ਸਪਲਾਈ ਕਰਨ ਵਾਲੀਆਂ ਫਰਮਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇ ਇਨ੍ਹਾਂ ਨੇ ਕਿਸਾਨ ਵਿਰੋਧੀ ਕੰਮ ਜਾਰੀ ਰੱਖੇ ਤਾਂ ਜਥੇਬੰਦੀ ਇਨ੍ਹਾਂ ਖ਼ਿਲਾਫ਼ ਸਿੱਧਾ ਐਕਸ਼ਨ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਕਿਸਾਨ ਆਗੂ ਕਰਨੈਲ ਸਿੰਘ ਨਵਾਂ ਪਿੰਡ, ਬਲਵੰਤ ਸਿੰਘ ਤੀਰਥਪੁਰ, ਧਰਮਿੰਦਰ ਸਿੰਘ ਕਿਲਾ, ਹਰਚਰਨ ਸਿੰਘ, ਹਰਜੀਤ ਸਿੰਘ, ਅਮਰਜੀਤ ਸਿੰਘ ਨਿਜਾਮਪੁਰ ਹਾਜ਼ਰ ਸਨ।
ਕੁੱਲ ਹਿੰਦ ਕਿਸਾਨ ਸਭਾ ਪੰਜਾਬ ਤੇ ਸਬਜ਼ੀ ਉਤਪਾਦਿਕ ਕਿਸਾਨ ਜਥੇਬੰਦੀ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਨਾਲ ਮੁਲਾਕਾਤ
ਅਜੀਤ ਡੈਸਕ
21-06-2026