ਸੁਲਤਾਨਵਿੰਡ, 25 ਜੂਨ (ਗੁਰਨਾਮ ਸਿੰਘ ਬੁੱਟਰ)-ਅੰਮ੍ਰਿਤਸਰ-ਜਲੰਧਰ ਰੋਡ ‘ਤੇ ਸਥਿਤ ਭਾਈ ਗੁਰਦਾਸ ਜੀ ਨਗਰ, ਨਿਊ ਅੰਮ੍ਰਿਤਸਰ ਵਿਖੇ ਵਾਪਰੀ ਇਕ ਘਟਨਾ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇੱਥੇ ਸਬਜ਼ੀ ਵੇਚ ਕੇ ਗੁਜ਼ਾਰਾ ਕਰਨ ਵਾਲੀ ਇੱਕ ਵਿਧਵਾ ਅਤੇ ਉਸ ਦੇ ਪੁੱਤਰ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਦਾਤਰ ਦੀ ਨੋਕ ‘ਤੇ ਲੁੱਟ ਲਿਆ।ਪੀੜਤ ਅਨੀਤਾ ਦੇਵੀ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਿਊ ਅੰਮ੍ਰਿਤਸਰ ਦੀ ਪਾਣੀ ਵਾਲੀ ਟੈਂਕੀ ਨੇੜੇ ਸਬਜ਼ੀ ਦੀ ਰੇਹੜੀ/ਦੁਕਾਨ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਅੱਜ ਸ਼ਾਮ ਕਰੀਬ 5 ਵਜੇ ਦੋ ਨੌਜਵਾਨ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ, ਦੁਕਾਨ ‘ਤੇ ਆਏ। ਉਨ੍ਹਾਂ ਨੇ ਅਚਾਨਕ ਤੇਜ਼ਧਾਰ ਦਾਤਰ ਕੱਢ ਕੇ ਅਨੀਤਾ ਦੇਵੀ ਦੇ ਪੁੱਤਰ ਨਿਤਿਨ ਕੁਮਾਰ ਨੂੰ ਡਰਾਇਆ-ਧਮਕਾਇਆ ਅਤੇ ਗੱਲੇ ਵਿਚ ਪਏ 2500 ਰੁਪਏ ਲੁੱਟ ਲਏ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਪੀੜਤਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਵੀ ਦੱਸਿਆ, ਤਾਂ ਇਸਦੇ ਨਤੀਜੇ ਬਹੁਤ ਮਾੜੇ ਹੋਣਗੇ। ਇਸ ਧਮਕੀ ਕਾਰਨ ਪੀੜਤ ਪਰਿਵਾਰ ਇੰਨਾ ਸਹਿਮਿਆ ਹੋਇਆ ਹੈ ਕਿ ਉਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਵੀ ਡਰ ਰਿਹਾ ਹੈ। ਭਰੇ ਮਨ ਨਾਲ ਅਨੀਤਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਇਹੀ ਇੱਕੋ-ਇੱਕ ਸਾਧਨ ਹੈ। ਉਨ੍ਹਾਂ ਕਿਹਾ, ਸਾਨੂੰ ਹੁਣ ਡਰ ਲੱਗ ਰਿਹਾ ਹੈ ਕਿ ਕਿਤੇ ਉਹ ਮੁਲਜ਼ਮ ਦੁਬਾਰਾ ਆ ਕੇ ਸਾਡਾ ਕੋਈ ਵੱਡਾ ਨੁਕਸਾਨ ਨਾ ਕਰ ਦੇਣ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਾਈ ਗੁਰਦਾਸ ਜੀ ਨਗਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਪੁਲਿਸ ਗਸ਼ਤ ਵਧਾਈ ਜਾਵੇ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਜੇਕਰ ਸਮੇਂ ਸਿਰ ਅਜਿਹੇ ਅਨਸਰਾਂ ‘ਤੇ ਕਾਬੂ ਨਾ ਪਾਇਆ ਗਿਆ ਤਾਂ ਹੋਰ ਦੁਕਾਨਦਾਰ ਵੀ ਇਨ੍ਹਾਂ ਦਾ ਸ਼ਿਕਾਰ ਹੋ ਸਕਦੇ ਹਨ।
ਨਿਊ ਅੰਮ੍ਰਿਤਸਰ ’ਚ ਦਿਨ-ਦਿਹਾੜੇ ਲੁੱਟ, ਸਬਜ਼ੀ ਵਿਕਰੇਤਾ ਵਿਧਵਾ ਤੇ ਉਸਦੇ ਪੁੱਤਰ ਤੋਂ ਨਕਦੀ ਲੁੱਟੀ
ਅਜੀਤ ਡੈਸਕ
26-06-2026