ਅੰਮ੍ਰਿਤਸਰ, 25 ਜੂਨ, (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਤਕਨੀਕੀ ਪਾੜੇ ਦੀਆਂ ਚੁਣੌਤੀਆਂ ਨੂੰ ਸਮਝਣ ਤੇ ਪੂਰਾ ਕਰਨ ਵਿਚ ਭਾਸ਼ਾ ਅਤੇ ਸਾਹਿਤ ਦੀ ਮਹੱਤਵਪੂਰਨ ਭੂਮਿਕਾ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵਲੋਂ ਆਯੋਜਿਤ ਭਾਸ਼ਾਵਾਂ, ਤੁਲਨਾਤਮਕ ਸਾਹਿਤ ਅਤੇ ਸੱਭਿਆਚਾਰਕ ਅਧਿਐਨ (ਭਾਰਤੀ, ਅੰਗਰੇਜ਼ੀ, ਵਿਦੇਸ਼ੀ ਅਤੇ ਧਾਰਮਿਕ ਅਧਿਐਨ ਆਦਿ) ਸੰਬੰਧੀ ਰਿਫ੍ਰੈਸ਼ਰ ਕੋਰਸ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਆਪਣੇ ਸੰਬੋਧਨ ਵਿਚ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿਚ ਵੀ ਮਨੁੱਖੀ ਮੁੱਲਾਂ ਅਤੇ ਸਹੀ ਫ਼ੈਸਲਾ ਕਰਨ ਦੀ ਸਮਰੱਥਾ ਦੀ ਮਹੱਤਤਾ ਘੱਟ ਨਹੀਂ ਹੋ ਸਕਦੀ।ਉਨ੍ਹਾਂ ਨੇ 26 ਰਾਜਾਂ ਤੋਂ ਆਏ 163 ਭਾਗੀਦਾਰਾਂ ਦੀ ਵਿਭਿੰਨਤਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਰਿਫ੍ਰੈਸ਼ਰ ਕੋਰਸ ਦੇ ਮੰਚ ਰਾਹੀਂ ਘੱਟੋ-ਘੱਟ ਇਕ ਨਵਾਂ ਵਿਚਾਰ ਲੱਭਣ, ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕਰਨ ਅਤੇ ਸਿਹਤਮੰਦ ਵਿਚਾਰ-ਵਟਾਂਦਰੇ ਰਾਹੀਂ ਆਪਣੇ ਹੁਨਰ ਨੂੰ ਹੋਰ ਨਿਖਾਰਣ। ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਅਰਦਾਸ ਹੋਣ ਤੋਂ ਬਾਅਦ ਐੱਮਐੱਮਟੀਟੀਸੀ ਦੇ ਡਾਇਰੈਕਟਰ ਪ੍ਰੋ. ਬਲਵਿੰਦਰ ਸਿੰਘ ਨੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਆਪਣੇ ਸਿੱਖਣ ਦੇ ਅਨੁਭਵਾਂ ਦਾ ਜ਼ਿਕਰ ਕੀਤਾ। ਕੋਰਸ ਕੋਆਰਡੀਨੇਟਰ ਡਾ. ਮਨਜਿੰਦਰ ਸਿੰਘ ਨੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਰਿਫ੍ਰੈਸ਼ਰ ਕੋਰਸ ਦੀ ਰੂਪਰੇਖਾ ਪੇਸ਼ ਕੀਤੀ। ਡਿਪਟੀ ਡਾਇਰੈਕਟਰ ਡਾ. ਰੇਖਾ ਹਾਂਡਾ ਨੇ ਸੈਸ਼ਨ ਦਾ ਸੰਚਾਲਨ ਕਰਦਿਆਂ ਟ੍ਰੇਨਿੰਗ ਦੇ ਉਦੇਸ਼ਾਂ ਅਤੇ ਕੇਂਦਰ ਦੇ ਲਗਾਤਾਰ ਯਤਨਾਂ ਬਾਰੇ ਜਾਣਕਾਰੀ ਦਿੱਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਭਾਸ਼ਾਵਾਂ, ਤੁਲਨਾਤਮਿਕ ਸਾਹਿਤ ਤੇ ਸੱਭਿਆਚਾਰਕ ਅਧਿਐਨ ਬਾਰੇ ਰਿਫ੍ਰੈਸ਼ਰ ਕੋਰਸ ਸ਼ੁਰੂ
ਅਜੀਤ ਡੈਸਕ
26-06-2026