ਛੇਹਰਟਾ, 28 ਜੂਨ (ਪੱਤਰ ਪ੍ਰੇਰਕ)- ਛੇਵੇਂ ਸਿੱਖ ਗੁਰੂ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਇਤਿਹਾਸਿਕ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਅੱਜ ਤੋਂ ਖਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋ ਗਿਆ ਹੈ। ਜੋੜ ਮੇਲੇ ਦੇ ਪਹਿਲੇ ਦਿਨ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ ਪਰਸੋਂ ਮਿਤੀ 30 ਜੂਨ 2026 ਦਿਨ ਮੰਗਲਵਾਰ ਨੂੰ ਸਵੇਰੇ 8 : 30 ਵਜੇ ਦਿਨ ਪਾਏ ਜਾਣਗੇ। ਸਲਾਨਾ ਜੋੜ ਮੇਲੇ ਦੀ ਸ਼ੁਰੂਆਤ ਮੌਕੇ ਨੌਜਵਾਨ ਸੇਵਕ ਸਭਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਤੇ ਜੁਗੋ ਜੁਗ ਅਟੱਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਸਾਹਿਬ ਦੇ ਪਿੱਛੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਚੱਲ ਰਹੀਆਂ ਸਨ। ਇਸ ਦੌਰਾਨ ਗੱਤਕਾ ਪਾਰਟੀਆਂ ਵਲੋਂ ਸ਼ਸਤਰਬਾਜ਼ੀ ਦੇ ਜੌਹਰ ਦਿਖਾ ਕੇ ਗੁਰੂ ਸਾਹਿਬ ਦੀ ਮੀਰੀ-ਪੀਰੀ ਦੀ ਪਰੰਪਰਾ ਨੂੰ ਤਾਜ਼ਾ ਕੀਤਾ ਗਿਆ। ਨਗਰ ਕੀਰਤਨ ਦੀ ਆਰੰਭਤਾ ਮੌਕੇ ਸਜੇ ਧਾਰਮਿਕ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਹਾਜ਼ਰੀ ਭਰੀ ਤੇ ਨਗਰ ਕੀਰਤਨ ਦੀ ਰਵਾਨਗੀ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ, ਅੰਤਰਿੰਗ ਕਮੇਟੀ ਮੈਂਬਰ ਜਥੇ: ਮੰਗਵਿੰਦਰ ਸਿੰਘ ਖਾਪੜਖੇੜੀ, ਸੰਤ ਬਾਬਾ ਅਵਤਾਰ ਸਿੰਘ ਧੱਤਲ, ਗੁਰਪ੍ਰੀਤ ਸਿੰਘ ਵਡਾਲੀ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਮੈਨੇਜਰ ਭਾਈ ਹਰਿੰਦਰ ਸਿੰਘ ਮਜੀਠਾ ਆਦਿ ਨਤਮਸਤਕ ਹੋਏ ਤੇ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ, ਉਨ੍ਹਾਂ ਦੁਆਰਾ ਸਿਰਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਅਤੇ ਜ਼ੁਲਮ ਖਿਲਾਫ਼ ਚੁੱਕੀ ਗਈ ਤਲਵਾਰ (ਮੀਰੀ-ਪੀਰੀ) ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਸਲਾਨਾ ਜੋੜ ਮੇਲੇ ਵਿਚ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਥਾਨਕ ਪ੍ਰਬੰਧਕਾਂ ਵਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਥਾਂ-ਥਾਂ ‘ਤੇ ਸੰਗਤਾਂ ਲਈ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਅਟੁੱਟ ਲੰਗਰ ਵਰਤਾਏ ਜਾ ਰਹੇ ਹਨ। ਪ੍ਰਬੰਧਕਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਸਾਹਿਬ ਦੇ ਦੱਸੇ ਮਾਰਗ ‘ਤੇ ਚੱਲਣ ਅਤੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਦਲਬੀਰ ਸਿੰਘ, ਯੂਥ ਅਕਾਲੀ ਆਗੂ ਦਿਲਰਾਜ ਸਿੰਘ ਗਿੱਲ, ਬਲਜੀਤ ਸਿੰਘ ਬਿੱਲਾ ਪ੍ਰਧਾਨ ਨੌਜਵਾਨ ਸੇਵਕઠ ਸਭਾ, ਸਵਿੰਦਰ ਸਿੰਘ,ਧਰਮ ਸਿੰਘ, ਬਚਿੱਤਰ ਸਿੰਘ, ਫੌਜੀ ਬਲਬੀਰ ਸਿੰਘ, ਬਾਬਾ ਤਰਸੇਮ ਸਿੰਘ ਵਡਾਲੀ, ਦਰਸ਼ਨ ਸਿੰਘ ਵਡਾਲੀ, ਲਾਲਜੀਤ ਸਿੰਘ ਵਡਾਲੀ, ਬਾਬਾ ਕੁਲਦੀਪ ਸਿੰਘ ਖਾਪੜਖੇੜੀ, ਅਵਤਾਰ ਸਿੰਘ ਜਿਊਲਰਜ਼, ਪਰਮਜੀਤ ਸਿੰਘ ਵਡਾਲੀ ਹੀਰਾ ਸਿੰਘ, ਜਸਬੀਰ ਸਿੰਘ ਵਡਾਲੀ, ਸਰਬਜੀਤ ਸਿੰਘ ਅਕਾਊਂਟੈਂਟ, ਵਰਿੰਦਰ ਸਿੰਘ ਰਿਕਾਰਡ ਕੀਪਰ, ਗੁਰਿੰਦਰ ਸਿੰਘ ਸੋਹੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਜੋੜ ਮੇਲੇ ਦੀ ਗੁਰੂ ਕੀ ਵਡਾਲੀ ਵਿਖੇ ਸ਼ੁਰੂਆਤ
ਅਜੀਤ ਡੈਸਕ
29-06-2026