ਰਾਜਾਸਾਂਸੀ, 30 ਜੂਨ (ਹਰਦੀਪ ਸਿੰਘ ਖੀਵਾ)- ਇਤਿਹਾਸਕ ਅਸਥਾਨ ਗੁਰਦੁਆਰਾ ਮਲ੍ਹਾ ਸਾਹਿਬ ਮੀਰਾਂਕੋਟ ਵਿਖੇ ਚੱਲ ਰਹੇ ਗੁਰਮਤਿ ਕੈਂਪ ਦੀ ਅੱਜ 10ਵੇਂ ਦਿਨ ਸਮਾਪਤੀ ਹੋਈ। ਇਹ ਕੈਂਪ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੀ ਧਰਮ ਪ੍ਰਚਾਰ ਕਮੇਟੀ ਵਲੋਂ ਗੁਰਦੁਆਰਾ ਮਲ੍ਹਾ ਸਾਹਿਬ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਲਗਾਇਆ ਗਿਆ। ਇਸ ਕੈਂਪ ਵਿਚ ਪਿੰਡ ਮੀਰਾਂਕੋਟ ਦੇ 25 ਬੱਚੇ ਬੱਚੀਆਂ ਨੇ ਭਾਗ ਲਿਆ। ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਗੁਰਵਿੰਦਰ ਸਿੰਘ ਭੰਗਵਾਂ ਵਲੋਂ ਬੱਚਿਆਂ ਨੂੰ ਗੁਰਬਾਣੀ ਸੰਥਿਆ, ਗੁਰ ਇਤਿਹਾਸ ਸਮੇਤ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਗਈ। ਅੱਜ ਆਖਰੀ ਦਿਨ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦਿੱਤੇ ਗਏ। ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਹੀਰਾ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੇਵਾਦਾਰ ਗੁਰਮੁਖ ਸਿੰਘ ਮੀਰਾਂਕੋਟ ਵਲੋਂ ਭਾਈ ਗੁਰਵਿੰਦਰ ਸਿੰਘ ਭੰਗਵਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ। ਇਸ ਸਮੇਂ ਬਹੁਤ ਸਾਰੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ ਜਿਨ੍ਹਾਂ ਨੇ ਏਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਅੱਗੇ ਤੋਂ ਵੀ ਏਹ ਕਾਰਜ ਜਾਰੀ ਰੱਖਣ ਲਈ ਆਖਿਆ। ਇਸ ਮੌਕੇ ‘ਤੇ ਬਲਗੇਰ ਸਿੰਘ, ਕੇਵਲ ਸਿੰਘ, ਲਖਵਿੰਦਰ ਸਿੰਘ, ਸੁਖਜਿੰਦਰ ਸਿੰਘ, ਡਾ. ਗੁਰਨਾਮ ਸਿੰਘ ਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਗੁਰਦੁਆਰਾ ਮਲ੍ਹਾ ਸਾਹਿਬ ਦੀ ਕਮੇਟੀ ਦੇ ਸਹਿਯੋਗ ਨਾਲ ਮੀਰਾਂਕੋਟ ’ਚ ਗੁਰਮਤਿ ਕੈਂਪ ਲਗਾਇਆ
ਅਜੀਤ ਡੈਸਕ
01-07-2026