05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪਿੰਡ ਧਨੋਆ ਕਲਾਂ ਵਿਖੇ ਖੋਲ੍ਹਿਆ ਗਿਆ ਮੁਫ਼ਤ ਸਕੂਲ-ਧਰਮ, ਸਿੱਖਿਆ ਤੇ ਸੇਵਾ ਦਾ ਸੁਮੇਲ : ਡਾ. ਨਿੱਜਰ

Ad Position 21
No active advertisement
ਅਜੀਤ ਡੈਸਕ 03-07-2026

ਅੰਮ੍ਰਿਤਸਰ, 2 ਜੁਲਾਈ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਸਿੱਖੀ ਅਤੇ ਸਿੱਖਿਆ ਦੇ ਪ੍ਰਸਾਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਜ਼ਿਲ੍ਹੇ ਦੇ ਅਟਾਰੀ ਨੇੜੇ ਸਥਿਤ ਸਰਹੱਦੀ ਪਿੰਡ ਧਨੋਆ ਕਲਾਂ ਵਿਖੇ ਅੱਜ ਮੁਫ਼ਤ ਸਕੂਲ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸਰਹੱਦੀ ਖੇਤਰ ਵਿਚ ਧਰਮ ਪਰਿਵਰਤਨ ਅਤੇ ਕਮਜ਼ੋਰ ਆਰਥਿਕਤਾ ਵਰਗੀਆਂ ਚੁਣੌਤੀਆਂ ਦੇ ਮੱਦੇਨਜ਼ਰ ਗ੍ਰਾਮ ਪੰਚਾਇਤ, ਪਿੰਡ ਦੇ ਮੋਹਤਬਰਾਂ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਦੀਵਾਨ ਵਲੋਂ ਖੋਲੇ ਗਏ ਇਸ ਸਕੂਲ ਵਿਚ ਬੱਚਿਆਂ ਨੂੰ ਪੂਰੀ ਤਰ੍ਹਾਂ ਮੁਫ਼ਤ ਸਿੱਖਿਆ, ਮੁਫ਼ਤ ਵਰਦੀਆਂ ਤੇ ਮੁਫ਼ਤ ਕਿਤਾਬਾਂ ਦਿੱਤੀਆਂ ਜਾਣਗੀਆਂ। ਇਸ ਗੱਲ ਦਾ ਪ੍ਰਗਟਾਵਾ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਨੇ ਕਰਦਿਆਂ ਦੱਸਿਆ ਕਿ ਦੀਵਾਨ ਵਲੋਂ ਕੀਤਾ ਗਿਆ ਇਹ ਉਪਰਾਲਾ ਨਵੀਂ ਪਨੀਰੀ ਨੂੰ ਆਪਣੇ ਅਮੀਰ ਸਿੱਖੀ ਵਿਰਸੇ, ਗੁਰਮਤਿ ਅਤੇ ਨੈਤਿਕ ਕਦਰਾਂ ਕੀਮਤਾਂ, ਪੰਜਾਬੀ ਸਭਿਆਚਾਰ ਦੇ ਨਾਲ-ਨਾਲ ਆਧੁਨਿਕ ਵਿੱਦਿਆ ਨਾਲ ਜੋੜਣ ਲਈ ਵੀ ਇਕ ਇਤਿਹਾਸਕ ਕਦਮ ਹੈ, ਜਿਸ ਨਾਲ ਬੱਚਿਆਂ ਵਿਚ ਆਤਮ ਵਿਸ਼ਵਾਸ, ਚੰਗੇ ਚਰਿੱਤਰ ਅਤੇ ਧਾਰਮਿਕ ਵਿਰਸੇ ਪ੍ਰਤੀ ਮਾਣ ਦੀ ਭਾਵਨਾ ਪੈਦਾ ਹੋਵੇਗੀ। ਦੀਵਾਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੀ ਦੂਰਅੰਦੇਸ਼ੀ ਸੋਚ, ਪੰਥ ਪ੍ਰਤੀ ਸਮਰਪਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਤਹਿਤ ਕੀਤੀ ਗਈ ਇਸ ਪਹਿਲ ਸਦਕਾ ਇਸ ਸਕੂਲ ਰਾਹੀਂ ਸਰਹੱਦੀ ਪਿੰਡਾਂ ਦੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਨੀਂਹ ਰੱਖੀ ਜਾਵੇਗੀ। ਡਾ. ਨਿੱਜਰ ਨੇ ਕਿਹਾ ਕਿ ਸਰਹੱਦੀ ਇਲਾਕਿਆਂ, ਜਿਥੇ ਸਿੱਖਿਆ ਦੀ ਘਾਟ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦਾ ਧਰਮ ਪਰਿਵਰਤਨ ਸਿਖਰਾਂ ‘ਤੇ ਹੈ, ਉਥੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਧਾਰਮਿਕ ਵਿਰਸੇ ਨਾਲ ਜੋੜਣਾ ਸਮੇਂ ਦੀ ਲੋੜ੍ਹ ਹੈ। ਉਨ੍ਹਾਂ ਕਿਹਾ ਕਿ ਦੀਵਾਨ ਸਕੂਲਾਂ ਦਾ ਮਿਸ਼ਨ ਸਿਰਫ ਸਿੱਖਿਆ ਦੇਣਾ ਹੀ ਨਹੀਂ ਹੈ, ਸਗੋਂ ਬੱਚਿਆਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਦਿਆਂ ਉਨ੍ਹਾਂ ਨੂੰ ਆਧੁਨਿਕ ਯੁੱਗ ਦਾ ਹਾਣੀ ਬਣਾ ਕੇ ਇਕ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੈ। ਉਨ੍ਹਾਂ ਆਸ ਕੀਤੀ ਕਿ ਧਨੋਆ ਕਲਾਂ ਵਿਖੇ ਖੋਲਿਆ ਗਿਆ ਇਹ ਮੁਫ਼ਤ ਸਕੂਲ ਵੀ ਇਸ ਮਹਾਨ ਮਿਸ਼ਨ ਵਿਚ ਇਕ ਮੀਲ ਪੱਥਰ ਸਾਬਿਤ ਹੋਵੇਗਾ। ਇਸੇ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਸੁਖਚੈਨ ਸਿੰਘ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਡਾ. ਨਿੱਜਰ ਅਤੇ ਦੀਵਾਨ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੀਵਾਨ ਨੇ ਇਲਾਕੇ ਵਿਚ ਮੁਫ਼ਤ ਸਕੂਲ ਖੋਲ੍ਹਣ ਦੀ ਉਨ੍ਹਾਂ ਦੀ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਸਵੀਕਾਰ ਕਰਕੇ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਹੈ ਅਤੇ ਬੱਚਿਆਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਵਰਦਾਨ ਸਾਬਤ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਦੇ ਆਦੇਸ਼-ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ ਜਾਂਚ ਦੌਰਾਨ ਫਾਰਮ ਭਰਨ ਲਈ ਪੂਰਾ ਸਹਿਯੋਗ ਦੇਣ ਅਗਲੀ ਖ਼ਬਰ ਰੋਟਰੀ ਕਲੱਬ ਇੰਟਰਨੈਸ਼ਨਲ ਨੇ ਡਾਕਟਰਜ਼ ਤੇ ਚਾਰਟਰਡ ਅਕਾਊਂਟੈਂਟਸ ਦਿਵਸ ਮਨਾਇਆ
Ad Position 24
No active advertisement