ਅੰਮ੍ਰਿਤਸਰ, 2 ਜੁਲਾਈ (ਹਰਮਿੰਦਰ ਸਿੰਘ)-ਬੀ.ਆਰ.ਟੀ.ਐੱਸ ਦਾ ਮੈਟਰੋ ਬੱਸ ਸੇਵਾ ਲਈ ਸ਼ਹਿਰ ਬਣਾਇਆ ਗਿਆ ਵਿਸ਼ੇਸ਼ ਲਾਂਘੇ ਨੂੰ ਖ਼ਤਮ ਕਰਨ ਦੀ ਸਰਕਾਰ ਵਲੋਂ ਪ੍ਰਵਾਨਗੀ ਮਿਲ ਗਈ ਹੈ ਅਤੇ ਹੁਣ ਉਸ ਲਾਂਘੇ ਨੂੰ ਵੀ ਖ਼ਤਮ ਕਰਨ ਦੀਆਂ ਤਿਆਰੀਆਂ ਹੋ ਗਈਆਂ ਹਨ। ਇਸ ਨੂੰ ਤੋੜਣ ਲਈ ਨਗਰ ਨਿਗਮ ਵਲੋਂ ਟੈਂਡਰ ਲਗਾਏ ਜਾ ਰਹੇ ਹਨ।
ਤਤਕਾਲੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ 2014 ‘ਚ ਬੀ ਆਰ ਟੀ ਐੱਸ ਪ੍ਰੋਜੈਕਟ ਲਿਆਂਦਾ ਗਿਆ ਜੋ ਦੋ ਸਾਲ ਦੇ ਸਮੇਂ ‘ਚ ਮੁਕੰਮਲ ਹੋਇਆ ਅਤੇ 2016 ਵਿਚ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ । ਜਿਸ ਦੇ ਤਿੰਨ ਰੂਟ ਬਣਾਏ ਗਏ ਗੋਲਡਨ ਗੇਟ ਤੋਂ ਇੰਡੀਆ ਗੇਟ, ਇੰਡੀਆ ਗੇਟ ਤੋਂ ਵੇਰਕਾ ਅਤੇ ਗੋਲਡਨ ਗੇਟ ਤੋਂ ਵੇਰਕਾ । ਉਸ ਵੇਲੇ ਇਸ ਪ੍ਰੋਜੈਕਟ ‘ਤੇ ਕਰੀਬ 600 ਕਰੋੜ ਰੁਪਏ ਖਰਚ ਹੋਏ ਸਨ । ਜਿਸ ਦੇ 92 ਏਸੀ ਬੱਸਾਂ ਵੀ ਖਰੀਦੀਆਂ ਗਈਆਂ ਸਨ ਅਤੇ ਵਿਸ਼ੇਸ਼ ਲਾਂਘੇ ‘ਚ ਬੱਸ ਸਟੇਸਨ ਵੀ ਬਣਾਏ ਗਏ ਸਨ। ਤਿੰਨ ਸਾਲ ਪਹਿਲਾਂ ਇਹ ਬੱਸਾਂ ਚੱਲਣੀਆਂ ਬੰਦ ਹੋ ਗਈਆਂ ਪਰ ਬੀ.ਆਰ.ਟੀ. ਐੱਸ ਦਾ ਵਿਸ਼ੇਸ਼ ਲਾਂਘਾ ਮੌਜੂਦ ਸੀ। ਜਿਸ ਦੇ ਵਿਚੋਂ ਲੰਘਣ ਵਾਲੇ ਵਾਹਨਾਂ ਦੇ ਪੁਲਿਸ ਵਲੋਂ ਚਲਾਨ ਕੱਟੇ ਜਾਂਦੇ ਸਨ। ਸੂਤਰ ਦੱਸਦੇ ਹਨ ਕਿ ਇਹ ਲਾਂਘਾ ਵੀ ਖ਼ਤਮ ਕਰਨ ਲਈ ਪੰਜਾਬ ਸਰਕਾਰ ਵਲੋਂ ਪ੍ਰਵਾਨਗੀ ਮਿਲ ਗਈ ਹੈ। ਇਸ ਲਾਂਘੇ ਨੂੰ ਤੋੜਣ ਦੀਆਂ ਕਾਰਵਾਈਆਂ ਨੂੰ ਜਲਦ ਹੀ ਅਮਲ ‘ਚ ਲਿਆਂਦਾ ਜਾ ਰਿਹਾ ਹੈ। ਬੀ.ਆਰ.ਟੀ .ਐੱਸ. ਲਾਂਘੇ ਨੂੰ ਤੋੜ ਕੇ ਇਸਨੂੰ ਦੋਵੇਂ ਪਾਸਿਆਂ ‘ਤੇ ਚੱਲਣ ਵਾਲੀ ਸੜਕ ਨਾਲ ਅੱਧਾ ਅੱਧਾ ਜੋੜਿਆ ਜਾਵੇਗਾ ਅਤੇ ਇਸ ਦੇ ਵਿਚਕਾਰ ਡਿਵਾਇਡਰ ਬਣਾਉਣ ਦੀ ਤਜਵੀਜ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਵਿਚਕਾਰ ਫੁਲ ਬੂੱਟੇ ਲਗਾਏ ਜਾਣਗੇ। ਨਗਰ ਨਿਗਮ ਵਲੋਂ ਬੀ.ਆਰ.ਟੀ ਐੱਸ. ਨੂੰ ਲਾਂਘੇ ਨੂੰ ਤੋੜਣ ਲਈ ਟੈਂਡਰ ਲਗਾਏ ਜਾ ਰਹੇ। ਟੈਂਡਰ ਪ੍ਰੀਕ੍ਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਇਸ ਲਾਂਘੇ ਨੂੰ ਤੋੜਿਆ ਜਾਵੇਗਾ।
ਪੰਜਾਬ ਸਰਕਾਰ ਵਲੋਂ ਬੀ.ਆਰ.ਟੀ.ਐੱਸ ਲਾਂਘੇ ਨੂੰ ਖਤਮ ਕਰਨ ਦੀ ਮਿਲੀ ਪ੍ਰਵਾਨਗੀ
ਅਜੀਤ ਡੈਸਕ
03-07-2026