ਅੰਮ੍ਰਿਤਸਰ, 3 ਜੁਲਾਈ (ਹਰਮਿੰਦਰ ਸਿੰਘ)-ਵਾਰਡ ਨੰਬਰ 35 ਦੇ ਵਸਨੀਕਾਂ ਵਲੋਂ ਮਿਲੀਆਂ ਸ਼ਿਕਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ ‘ਤੇ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦੇ ਮਾਮਲੇ ਵਿਚ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੌਰਾਨ ਫੀਲਡ ਟੀਮ ਵਲੋਂ ਅਚਨਚੇਤੀ ਜਾਂਚ ਦੌਰਾਨ ਪਾਇਆ ਕਿ ਰਸਾਇਣ ਦੀ ਇਕ ਫੈਕਟਰੀ ਵਲੋਂ ਬਿਨਾਂ ਸ਼ੁੱਧ ਕੀਤਾ ਰਸਾਇਣਕ ਮਿਲਿਆ ਗੰਦਾ ਪਾਣੀ ਨਗਰ ਨਿਗਮ ਦੇ ਸੀਵਰੇਜ਼ ‘ਚ ਛੱਡਿਆ ਜਾ ਰਿਹਾ ਸੀ। ਇਸ ਗ਼ੈਰ-ਕਾਨੂੰਨੀ ਕਾਰਵਾਈ ਕਾਰਨ ਨੇੜਲੇ ਇਲਾਕਿਆਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਦੂਸ਼ਿਤ ਹੋ ਗਈ ਸੀ ਅਤੇ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਸੀ। ਇਸ ਮਾਮਲੇ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਨੇ ਪ੍ਰਭਾਵਿਤ ਇਲਾਕੇ ‘ਚ ਸਥਿਤ ਅਮਰ ਕਲਰ ਕੈਮੀਕਲਜ਼ ਨਾਮਕ ਫੈਕਟਰੀ ਦਾ ਸੀਵਰੇਜ਼ ਕੁਨੈਕਸ਼ਨ ਕੱਟ ਦਿੱਤਾ ਗਿਆ ਅਤੇ ਫੈਕਟਰੀ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉਕਤ ਸ਼ਿਕਾਇਤਾਂ ਨੂੰ ਧਿਆਨ ‘ਚ ਨਿਗਮ ਦੀਆਂ ਟੀਮਾਂ ਨੇ ਪਾਣੀ ਦੀਆਂ ਪਾਇਪ ਲਾਈਨਾਂ ਦੀ ਸਫ਼ਾਈ ਅਤੇ ਫਲਸ਼ਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਦੂਸ਼ਿਤ ਪਾਣੀ ਨੂੰ ਬਾਹਰ ਕੱਢ ਕੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਸਪਲਾਈ ਮੁੜ ਬਹਾਲ ਕੀਤੀ ਜਾ ਸਕੇ। ਪ੍ਰਭਾਵਿਤ ਇਲਾਕੇ ਦੇ ਘਰਾਂ ਦੇ ਪਾਣੀ ਦੇ ਕੁਨੈਕਸ਼ਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਪਾਣੀ ਦੀ ਆਮ ਸਪਲਾਈ ਪੂਰੀ ਤਰ੍ਹਾਂ ਬਹਾਲ ਹੋਣ ਤੱਕ ਲੋਕਾਂ ਦੀ ਸੁਵਿਧਾ ਲਈ ਪਾਣੀ ਦੇ ਟੈਂਕਰ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਪਰਿੰਟੈਂਡੈਂਟ ਇੰਜੀਨੀਅਰ ਹਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਸੰਬੰਧਿਤ ਫੈਕਟਰੀ ਦਾ ਸੀਵਰੇਜ਼ ਕੁਨੈਕਸ਼ਨ ਕੱਟ ਦਿੱਤਾ ਗਿਆ। ਇਹ ਕਾਰਵਾਈ ਐਸਡੀਓ ਰਾਜੇਸ਼ ਕੁਮਾਰ ਅਤੇ ਜੇਈ ਗੁਰਜੀਤ ਸਿੰਘ ਵਲੋਂ ਐੱਸਐੱਚਓ ਮਕਬੂਲਪੁਰਾ ਅਮਨਦੀਪ ਕੌਰ ਅਤੇ ਪੁਲਿਸ ਟੀਮ ਦੀ ਮੌਜ਼ੂਦਗੀ ਵਿਚ ਕੀਤੀ ਗਈ। ਨਗਰ ਨਿਗਮ ਨੇ ਇਸ ਮਾਮਲੇ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਅਮਰ ਕਲਰ ਕੈਮੀਕਲਜ਼ ਖ਼ਿਲਾਫ਼ ਬਿਨਾਂ ਸ਼ੁੱਧ ਕੀਤਾ ਉਦਯੋਗਿਕ ਗੰਦਾ ਪਾਣੀ ਨਗਰ ਨਿਗਮ ਦੀ ਸੀਵਰੇਜ਼ ਪ੍ਰਣਾਲੀ ਵਿਚ ਛੱਡਣ ਅਤੇ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ ਹੇਠ ਐਫ਼ਆਈਆਰ ਦਰਜ ਕਰਵਾਉਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕਮਿਸ਼ਨਰ ਸ਼ੇਰਗਿੱਲ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪ੍ਰਭਾਵਿਤ ਇਲਾਕੇ ਵਿਚ ਸੁਰੱਖਿਅਤ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਜਲਦ ਤੋਂ ਜਲਦ ਬਹਾਲ ਕਰਨ ਲਈ ਸਥਿਤੀ ’ਤੇ ਲਗਾਤਾਰ ਤਰਜੀਹ ਦੇ ਆਧਾਰ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।