ਅੰਮ੍ਰਿਤਸਰ/ ਸੁਲਤਾਨਵਿੰਡ, 3 ਜੁਲਾਈ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਬੀ-ਡਵੀਜ਼ਨ ਦੇ ਅਧੀਨ ਆਉਂਦੇ ਇਲਾਕਾ ਸੁਲਤਾਨਵਿੰਡ ਰੋਡ ਵਿਖੇ ਇਕ ਰੇਤ ਨਾਲ ਭਰੇ ਟਿੱਪਰ ਵਲੋਂ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਐਕਟਿਵਾ ਸਵਾਰ ਨੌਜਵਾਨ ਦੀ ਟਾਇਰਾਂ ਦੇ ਹੇਠ ਆਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੁਖਦਾਈ ਮੌਤ ਉਪਰੰਤ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਲੋਂ ਲਾਸ਼ ਨੂੰ ਸੜਕ ‘ਤੇ ਰੱਖ ਕੇ ਸ਼ਹਿਰ ਵਿਚ ਚੱਲ ਰਹੀ ਹੈਵੀ ਟ੍ਰੈਫਿਕ ਤੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਪੁਲਿਸ ਭਾਰੀ ਵਾਹਨਾਂ ਦੀ ਸ਼ਹਿਰ ‘ਚ ਦਾਖਲੇ ‘ਤੇ ਪਾਬੰਧੀ ਲਾਵੇ। ਮ੍ਰਿਤਕ ਦੀ ਪਹਿਚਾਣ ਗੁਰਸਿਮਰਨ ਸਿੰਘ (32) ਪੁੱਤਰ ਗੁਰਪਾਲ ਸਿੰਘ ਵਾਸੀ ਸ਼ਰੀਫਪੁਰਾ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਸਿਮਰਨ ਸਿੰਘ ਕਿਸੇ ਕੰਮ ਨੂੰ ਲੈ ਕੇ ਸੁਲਤਾਨਵਿੰਡ ਰੋਡ ਵਿਖੇ ਆਪਣੀ ਐਕਟਿਵਾ ਨੰਬਰ ਪੀ.ਬੀ. 02 ਡੀਡੀ 0143 ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਜਦੋਂ 100 ਫੁਟੀ ਰੋਡ ਕੋਲ ਆਇਆ ਨਾਲ ਰੇਤ ਨਾਲ ਭਰੇ ਟਿੱਪਰ ਨੰਬਰ ਪੀ.ਬੀ. 02 ਬੀ.ਕੇ 9993 ਜੋ ਤੇਜ਼ ਰਫਤਾਰ ਸੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਉਹ ਜ਼ਮੀਨ ‘ਤੇ ਡਿੱਗ ਗਿਆ ਅਤੇ ਟਿੱਪਰ ਦੇ ਹੇਠ ਆ ਕੇ ਬੁਰੀ ਤਰ੍ਹਾਂ ਕੁਚਲਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਟਿੱਪਰ ਦੇ ਚਾਲਕ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸ਼ਹਿਰ ਵਿਚ ਵੱਧ ਰਹੀ ਹੈਵੀ ਟ੍ਰੈਫਿਕ ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ’ਚ ਇਸ ਤਰ੍ਹਾਂ ਦੇ ਹਾਦਸਿਆਂ ‘ਤੇ ਕਾਬੂ ਪਾਇਆ ਜਾਵੇ। ਮੌਕੇ ‘ਤੇ ਪੁਲਿਸ ਏ. ਸੀ. ਪੀ. ਰਵਿੰਦਰ ਸਿੰਘ ਤੇ ਥਾਣਾ ਬੀ-ਡਵੀਜਨ ਦੇ ਐੱਸ. ਐੱਚ. ਓ. ਇੰਸ: ਬਲਜਿੰਦਰ ਸਿੰਘ ਔਲਖ ਨੇ ਕਿਹਾ ਕਿ ਮੌਕੇ ‘ਤੇ ਹੀ ਟਿੱਪਰ ਚਾਲਕ ਤੇ ਟਿੱਪਰ ਨੂੰ ਕਾਬੂ ਕਰਕੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਬਾਅਦ ‘ਚ ਮ੍ਰਿਤਕ ਦੀ ਲਾਸ਼ ਦਾ ਪੋਸਟਮਾਟਰਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ।