ਅੰਮ੍ਰਿਤਸਰ, 6 ਜੁਲਾਈ (ਸੁਰਿੰਦਰ ਕੋਛੜ)-ਸਰਹੱਦੀ ਤੇ ਸਿਆਸੀ ਤਲਖ਼ੀਆਂ ਦੇ ਚੱਲਦਿਆਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲਾ ਸਰਹੱਦੀ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਤਾਜ਼ਾ ਤਣਾਅ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਬੰਦ ਹੋਏ ਸਰਹੱਦੀ ਵਪਾਰ ਨੂੰ ਮੁੜ ਬਹਾਲ ਕਰਵਾਉਣ ਲਈ ਦੋਵੇਂ ਮੁਲਕਾਂ ਦੇ ਕਾਰੋਬਾਰੀਆਂ ਦੇ ਨਾਲ-ਨਾਲ ਸਾਹਿਤਕਾਰਾਂ, ਸਮਾਜਿਕ ਚਿੰਤਕਾਂ ਅਤੇ ਬੁੱਧੀਜੀਵੀਆਂ ਨੇ ਵੀ ਬਿਆਨਬਾਜ਼ੀ ਅਤੇ ਚਿੱਠੀ ਪੱਤਰ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਕ ਪਾਸੇ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ, ਦੋਵੇਂ ਮੁਲਕਾਂ ਦੇ ਵਪਾਰੀ, ਕਸਟਮ ਹਾਊਸ ਏਜੰਟ, ਟਰਾਂਸਪੋਰਟਰ, ਕੁੱਲੀ, ਟਰੱਕ ਡਰਾਈਵਰ ਅਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁਨ ਆਦਿ ਲਗਾਤਾਰ ਸਰਹੱਦੀ ਵਪਾਰ ਮੁੜ ਸ਼ੁਰੂ ਕਰਵਾਉਣ ਲਈ ਭਾਰੀ ਜ਼ਦੋ-ਜ਼ਹਿਦ ਕਰ ਰਹੇ ਹਨ, ਉੱਥੇ ਹੀ ਕੁੱਝ ਸੱਤਾਧਾਰੀ ਭਾਰਤੀ ਨੇਤਾ ਇਸ ਗੱਲ ’ਤੇ ਅੜੇ ਹੋਏ ਹਨ ਕਿ ਜਦੋਂ ਤੱਕ ਪਾਕਿ-ਭਾਰਤ ’ਚ ਅੱਤਵਾਦੀ ਕਾਰਵਾਈਆਂ ਬੰਦ ਨਹੀਂ ਕਰਦਾ, ਤਦ ਤਕ ਪਾਕਿ ਨਾਲ ਵਪਾਰ ਬਾਰੇ ਸਹਿਮਤੀ ਬਣਨਾ ਅਸੰਭਵ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸਰਹੱਦੀ ਸੁਰੱਖਿਆ ਅਤੇ ਰਾਸ਼ਟਰੀ ਹਿੱਤ ਸਭ ਤੋਂ ਵੱਧ ਮਹੱਤਵਪੂਰਨ ਹਨ ਅਤੇ ਇਸ ਸੰਬੰਧੀ ਕੋਈ ਵੀ ਫ਼ੈਸਲਾ ਸੁਰੱਖਿਆ ਸਥਿਤੀ ਨੂੰ ਧਿਆਨ ‘ਚ ਰੱਖ ਕੇ ਹੀ ਲਿਆ ਜਾਵੇਗਾ। ਉੱਧਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਵਿਦੇਸ਼ ਮੰਤਰੀ ਇਸਹਾਕ ਡਾਰ, ਗ੍ਰਹਿ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼, ਬਿਲਾਵਲ ਭੁੱਟੋ ਜ਼ਰਦਾਰੀ ਸਮੇਤ ਲਗਭਗ ਸਾਰੀਆਂ ਪਾਕਿਸਤਾਨੀ ਸਿਆਸੀ ਧਿਰਾਂ ਅਤੇ ਉੱਥੋਂ ਦੀਆਂ ਕੱਟੜਪੰਥੀ ਜਥੇਬੰਦੀਆਂ ਨੇ ਜ਼ਿੱਦ ਫੜੀ ਹੋਈ ਹੈ ਕਿ ਜਦੋਂ ਤੱਕ ਭਾਰਤ ਸਰਕਾਰ ਸਿੰਧੂ ਜਲ ਸੰਧੀ ਮੁੜ ਬਹਾਲ ਨਹੀਂ ਕਰਦੀ, ਤਦ ਤਕ ਭਾਰਤ ਨਾਲ ਕਿਸੇ ਤਰ੍ਹਾਂ ਦਾ ਕੋਈ ਸਰਹੱਦੀ ਵਪਾਰ ਸ਼ੁਰੂ ਨਹੀਂ ਕੀਤਾ ਜਾਵੇਗਾ। ਭਾਰਤ-ਪਾਕਿ ਵਿਚਲੀਆਂ ਸਿਆਸੀ ਤਲਖ਼ੀਆਂ ਕਾਰਨ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਾਰੋਬਾਰੀਆਂ ਨੂੰ ਅਟਾਰੀ-ਵਾਹਗਾ ਸਰਹੱਦੀ ਵਪਾਰ ਦੁਆਰਾ ਹਰ ਮਹੀਨੇ ਹੋਣ ਵਾਲੀ ਕਰੋੜਾਂ ਰੁਪਇਆਂ ਦੀ ਕਮਾਈ ਦਾ ਘਾਟਾ ਸਹਿਣਾ ਪੈ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਅਟਾਰੀ-ਵਾਹਗਾ ਰੂਟ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਲਈ ਸਭ ਤੋਂ ਮਹੱਤਵਪੂਰਨ ਜ਼ਮੀਨੀ ਰਸਤਾ ਹੈ। ਇਸ ਦੇ ਬੰਦ ਹੋਣ ਨਾਲ ਅੰਮ੍ਰਿਤਸਰ ਦੀਆਂ ਕਈ ਛੋਟੀਆਂ ਅਤੇ ਦਰਮਿਆਨੀ ਇਕਾਈਆਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਅਤੇ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ’ਤੇ ਵੀ ਅਸਰ ਪਿਆ ਹੈ। ਇਸ ਦੇ ਮੱਦੇਨਜ਼ਰ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ, ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਸਮੇਤ ਦਰਜਨਾਂ ਹੋਰ ਸਮਾਜਿਕ ਤੇ ਵਪਾਰਕ ਜਥੇਬੰਦੀਆਂ ਦੇ ਆਗੂ ਕੇਂਦਰ ਸਰਕਾਰ ਕੋਲ ਅਟਾਰੀ-ਵਾਹਗਾ ਸਰਹੱਦ ਰਾਹੀਂ ਵਪਾਰ ਮੁੜ ਸ਼ੁਰੂ ਕਰਨ ਦੀ ਮੰਗ ਕਰਦੇ ਆ ਰਹੇ ਹਨ। ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਮੌਜੂਦਾ ਸਥਿਤੀ ਦੇ ਚੱਲਦਿਆਂ ਇਸ ਸਰਹੱਦੀ ਵਪਾਰ ਦਾ ਸਿੱਧਾ ਅਸਰ 15 ਹਜ਼ਾਰ ਤੋਂ ਵੱਧ ਪਰਿਵਾਰਾਂ ‘ਤੇ ਪੈ ਰਿਹਾ ਹੈ।
ਸਰਹੱਦੀ ਤੇ ਸਿਆਸੀ ਤਲਖ਼ੀਆਂ ਨਾਲ ਹੋ ਰਿਹਾ ਭਾਰਤ-ਪਾਕਿ ਵਿਚਾਲੇ ਦੁਵੱਲਾ ਵਪਾਰ ਪ੍ਰਭਾਵਿਤ
ਅਜੀਤ ਡੈਸਕ
07-07-2026