ਅੰਮ੍ਰਿਤਸਰ, 6 ਜੁਲਾਈ (ਹਰਮਿੰਦਰ ਸਿੰਘ)- ਸ਼ਹਿਰ ’ਚ ਸੀਵਰੇਜ਼ ਦੀ ਡੀਸਿਲਟਿੰਗ ਕਰਨ ਲਈ ਨਗਰ ਨਿਗਮ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਸ਼ਹਿਰ ਦੀਆਂ 20 ਵਾਰਡਾਂ ’ਚ ਡੀਸਿਲਟਿੰਗ ਕਰਨ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਿਗਮ ਵਲੋਂ ਆਪਣੇ ਕਰਮਚਾਰੀ ਵੀ ਸੀਵਰੇਜ਼ ਦੀ ਸਫ਼ਾਈ ਕਰਵਾਉਣ ਲਈ ਲਗਾਏ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਲੰਘੀ ਰਾਤ ਨੂੰ ਹੋਈ ਬਾਰਿਸ਼ ਨੇ ਨਿਗਮ ਦੇ ਸਾਰੇ ਦਾਅਵਿਆਂ ਦੀ ਪੋਲ ਕੇ ਰੱਖ ਦਿੱਤੀ ਹੈ । ਸ਼ਹਿਰ ਦੇ ਕਈ ਇਲਾਕਿਆਂ ’ਚ ਬਰਸਾਤ ਦਾ ਪਾਣੀ ਘੰਟਿਆ ਤੱਕ ਸੜਕਾਂ ’ਤੇ ਖੜ੍ਹਾ ਰਿਹਾ । ਅੰਮ੍ਰਿਤਸਰ ’ਚ 5 ਅਤੇ 6 ਜੁਲਾਈ ਦੀ ਦਰਮਿਆਨੀ ਰਾਤ ਨੂੰ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਸਵੇਰ 8.30 ਵਜੇ ਤੱਕ 10.1 ਮਿਲੀਮੀਟਰ ਤੱਕ ਮੀਂਹ ਪਿਆ । ਜਿਸ ਨਾਲ ਸੋਮਵਾਰ ਦੀ ਸਵੇਰ ਖੁਸ਼ਗੁਆਰ ਚੜ੍ਹੀ ਪਰ ਜਿਉਂ ਜਿਉਂ ਸਮਾਂ ਵਧਦਾ ਗਿਆ ਵਾਤਾਵਰਨ ’ਚ ਹੁੰਮਸ ਵਧ ਗਿਆ। ਇਸ ਦੇ ਨਾਲ ਹੀ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ‘ਚ ਕਾਫ਼ੀ ਸਮੇਂ ਬਰਸਾਤੀ ਪਾਣੀ ਖੜ੍ਹਾ ਰਹਿਣ ਕਰਕੇ ਉਸ ਦੀ ਭੜਾਸ ਤੇ ਹੁੰਮਸ ਨੂੰ ਹੋਰ ਵੀ ਵਧਾ ਰਹੀ ਸੀ । ਸਥਾਨਕ ਟੇਲਰ ਰੋਡ, ਕਚਹਿਰੀ ਰੋਡ, ਪੁਤਲੀਘਰ, ਹਵਾਈ ਅੱਡਾ ਰੋਡ ਦੀਆਂ ਸੜਕਾਂ ਦੇ ਕਿਨਾਰਿਆਂ ’ਤੇ ਕਈ ਘੰਟਿਆਂ ਤੱਕ ਮੀਂਹ ਦੇ ਪਾਣੀ ਦਾ ਨਿਕਾਸ ਨਾ ਹੋਇਆ।
ਹਲਕੀ ਜਿਹੀ ਬਾਰਿਸ਼ ਨੇ ਖੋਲ੍ਹੀ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ
ਅਜੀਤ ਡੈਸਕ
07-07-2026