ਅੰਮ੍ਰਿਤਸਰ, 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਕੰਪਿਊਟਰ ਅਧਿਆਪਕਾਂ ਨੂੰ 1 ਜੁਲਾਈ 2011 ਤੋਂ ਰੈਗੂਲਰ ਕਰਨ ਦੇ ਸਰਕਾਰੀ ਨੋਟੀਫਿਕੇਸ਼ਨ ਦੇ ਬਾਵਜੂਦ ਅੱਜ ਕਈ ਸਾਲ ਬੀਤ ਜਾਣ ‘ਤੇ ਵੀ ਰੈਗੂਲਰ ਮੁਲਾਜ਼ਮਾਂ ਵਾਲੇ ਹੱਕ ਅਤੇ ਲਾਭ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਪ੍ਰਧਾਨ ਗਗਨਪ੍ਰੀਤ ਸਿੰਘ ਸੰਧੂ ਦੀ ਅਗਵਾਈ ’ਚ ਡੀ. ਸੀ. ਦਫ਼ਤਰ ਵਿਖੇ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਅਤੇ ਸੰਦੀਪ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਗੂਆਂ ਨੇ ਆਖਿਆ ਕਿ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਟਾਲ-ਮਟੋਲ ਦੀ ਨੀਤੀ ਤੋਂ ਤੰਗ ਆ ਕੇ ਅਧਿਆਪਕਾਂ ਵਲੋਂ ਇਕੱਠੇ ਹੋ ਕੇ ਪ੍ਰਸ਼ਾਸਨ ਰਾਹੀਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਗਈ। ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਕੰਪਿਊਟਰ ਅਧਿਆਪਕਾਂ ਨੂੰ ਸਾਲ 2011 ਵਿਚ ਰੈਗੂਲਰ ਤਾਂ ਕੀਤਾ ਗਿਆ ਸੀ, ਪਰ ਜ਼ਮੀਨੀ ਪੱਧਰ ‘ਤੇ ਅੱਜ ਤੱਕ ਉਨ੍ਹਾਂ ਨੂੰ ਪੂਰੇ ਹੱਕ ਨਹੀਂ ਦਿੱਤੇ ਗਏ, ਜੋ ਕਿ ਸਿੱਧੇ ਤੌਰ ‘ਤੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਹੈ। ਹਾਜ਼ਰ ਆਗੂਆਂ ਅਤੇ ਸਾਥੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣੇ ਕੀਤੇ ਵਾਅਦੇ ਮੁਤਾਬਕ 1 ਜੁਲਾਈ 2011 ਦੇ ਨੋਟੀਫਿਕੇਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਨਾ ਕੀਤਾ ਅਤੇ ਅਧਿਆਪਕਾਂ ਦੇ ਬਣਦੇ ਹੱਕ ਨਾ ਦਿੱਤੇ, ਤਾਂ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਮਨਦੀਪ ਸਿੰਘ ਢਿੱਲੋਂ, ਸੂਰਜਦੀਪ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਕਾਹਲੋਂ, ਗੁਰਸ਼ਰਨ ਕੌਰ, ਗੁਰਮੀਤ ਸਿੰਘ, ਰੋਹਿਤ ਦੱਤਾ, ਕਵਲਪ੍ਰੀਤ ਸਿੰਘ, ਨਵਦੀਪ ਸਿੰਘ, ਗੌਰਵ ਅਤੇ ਹੋਰ ਸਾਥੀ ਸ਼ਾਮਿਲ ਸਨ ।
ਕੰਪਿਊਟਰ ਟੀਚਰ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਡੀ. ਸੀ. ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ
ਅਜੀਤ ਡੈਸਕ
07-07-2026